ਪੰਜਾਬ

punjab

ETV Bharat / state

ਨਗਰ ਨਿਗਮ ਦੀ ਅਣਗਹਿਲੀ ਕਾਰਨ ਖੱਜਲ ਖੁਆਰ ਮਾਨਸਾ ਵਾਸੀ

ਮਾਨਸਾ ਵਿੱਚ ਟੁੱਟੀਆਂ ਸੜਕਾਂ ਤੇ ਸੀਵਰੇਜ ਦੀ ਮੁਸ਼ਕਲ ਝੱਲ ਰਹੇ ਲੋਕ ਸੰਘਰਸ਼ ਕਰਨ ਲਈ ਮਜ਼ਬੂਰ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੜਕਾਂ ਨਾ ਬਣਨ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਕੋਈ ਸਾਰ ਨਹੀਂ ਲੈ ਰਿਹਾ ਹੈ।

ਫ਼ੋਟੋ
ਫ਼ੋਟੋ

By

Published : Oct 9, 2020, 1:40 PM IST

ਮਾਨਸਾ: ਸ਼ਹਿਰ ਵਿੱਚ ਵਿਕਾਸ ਦੇ ਕੰਮਕਾਜ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੁੰਦੀ ਹੈ ਪਰ ਮਾਨਸਾ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਦੀ ਹਾਲਤ ਇੰਨੀ ਖ਼ਸਤਾ ਹੈ ਕਿ ਲੋਕ ਨਗਰ ਕੌਂਸਲ ਦੇ ਖਿਲਾਫ਼ ਸੰਘਰਸ਼ ਕਰਨ ਲਈ ਮਜ਼ਬੂਰ ਹੋ ਰਹੇ ਹਨ। ਸ਼ਹਿਰ ਵਾਸੀਆਂ ਦਾ ਵਿਕਾਸ ਦੇ ਕਾਰਜਾਂ ਲਈ ਸੰਘਰਸ਼ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ।

ਫ਼ੋਟੋ

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵੀ ਰੋਡ ਤੋਂ ਲੰਘੀਏ ਤਾਂ ਨਗਰ ਕੌਂਸਲ ਦੇ ਵਿਕਾਸ ਕਾਰਜਾਂ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਜਾਂਦੀ ਹੈ, ਬੇਸ਼ੱਕ ਨਗਰ ਕੌਂਸਲ ਵੱਲੋਂ ਮਾਨਸਾ ਦੇ ਵਿਕਾਸ ਕਾਰਜਾਂ 'ਤੇ ਕਰੋੜਾਂ ਰੁਪਏ ਲਗਾਉਣ ਦੀ ਗੱਲ ਕੀਤੀ ਗਈ ਹੈ। ਪਰ ਸ਼ਹਿਰ ਵਿੱਚ ਹੋਏ ਵਿਕਾਸ ਕਾਰਜ ਨਗਰ ਕੌਂਸਲ ਦੇ ਇਨ੍ਹਾਂ ਦਾਅਵਿਆਂ ਦੀ ਅਸਲੀਅਤ ਸਾਹਮਣੇ ਲਿਆ ਰਹੇ ਹਨ।

ਵੀਡੀਓ

ਕੋਰੋਨਾ ਮਹਾਂਮਾਰੀ ਦੇ ਕਾਰਨ ਰੁਕੇ ਹੋਏ ਵਿਕਾਸ ਕਾਰਜਾਂ ਸਬੰਧੀ ਈਟੀਵੀ ਭਾਰਤ ਨੇ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਜਿਸ ਮੌਕੇ ਸ਼ਹਿਰ ਦੇ ਲੋਕ ਨਗਰ ਕੌਂਸਲ ਦੇ ਕੰਮਾਂ ਤੋਂ ਅਸੰਤੁਸ਼ਟ ਨਜ਼ਰ ਆਏ। ਇਸ ਮੌਕੇ ਸ਼ਹਿਰ ਵਾਸੀ ਭੁਪਿੰਦਰ ਬੀਰਵਾਲ ਨੇ ਦੱਸਿਆ ਕਿ ਜੇਕਰ ਮਾਨਸਾ ਦੇ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਵੀ ਵਿਕਾਸ ਕਾਰਜ ਨਜ਼ਰ ਨਹੀਂ ਆਉਂਦੇ। ਸ਼ਹਿਰ ਵਿੱਚ ਮੇਨ ਚਕੇਰੀਆਂ ਰੋਡ ਦੀ ਗੱਲ ਕੀਤੀ ਜਾਵੇ, ਜੋ ਗੁਰਦੁਆਰਾ ਸਾਹਿਬ, ਸਰਕਾਰੀ ਹਸਪਤਾਲ, ਮੇਨ ਬਾਜ਼ਾਰ ਤੇ ਬੱਸ ਸਟੈਂਡ ਆਦਿ ਨੂੰ ਜੋੜਦਾ ਹੈ ਉਸ ਰੋਡ 'ਤੇ ਪੈਦਲ ਲੰਘਣਾ ਵੀ ਬਹੁਤ ਮੁਸ਼ਕਿਲ ਹੈ।

ਫ਼ੋਟੋ
ਫ਼ੋਟੋ

ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਬਹੁਤ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਐਸਡੀਐਮ ਤੇ ਹੋਰ ਵੱਡੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਚਕੇਰੀਆਂ ਰੋਡ, ਖੋਖਰ ਰੋਡ, ਕੋਟ ਦਾ ਟਿੱਬਾ, ਭਾਈ ਗੁਰਦਾਸ ਰੋਡ ਤੇ ਹੋਰ ਵੀ ਰਸਤਿਆਂ ਦੀ ਹਾਲਤ ਬਹੁਤ ਹੀ ਖ਼ਸਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸੜਕ ਬਣਾ ਦੇਵੇ ਤਾਂ ਉਨ੍ਹਾਂ ਦੀ ਮੁਸ਼ਕਿਲ ਦੂਰ ਹੋ ਸਕਦੀ ਹੈ।

ਉੱਥੇ ਹੀ ਨਗਰ ਕੌਂਸਲ ਦੇ ਈਓ ਵਿਸ਼ਾਲ ਦੀਪ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਇਸ ਸਾਲ ਦੇ ਅਧੀਨ ਬਹੁਤ ਹੀ ਜ਼ਿਆਦਾ ਖਰਚਾ ਕੀਤਾ ਗਿਆ ਹੈ ਤੇ ਸ਼ਹਿਰ ਦੇ ਵਿਕਾਸ ਕਾਰਜ ਪੂਰੇ ਕੀਤੇ ਗਏ ਹਨ। 10 ਕਰੋੜ ਰੁਪਏ ਖ਼ਰਚ ਕਰਕੇ ਸ਼ਹਿਰ ਵਿੱਚ ਸੜਕਾਂ ਦਾ ਵੀ ਨਿਰਮਾਣ ਕੀਤਾ ਗਿਆ ਹੈ। ਵਿਸ਼ਾਲ ਦੀਪ ਨੇ ਦੱਸਿਆ ਕਿ ਜੇ ਕਿਤੇ ਕੋਈ ਸੜਕ ਰਹਿ ਗਈ ਹੈ ਤਾਂ ਉਸ ਦੇ ਟੈਂਡਰ ਹੋ ਚੁੱਕੇ ਹਨ ਤੇ ਨਗਰ ਕੌਂਸਲ 7 ਕਰੋੜ ਰੁਪਏ ਖ਼ਰਚ ਕਰ ਰਹੀ ਹੈ। ਇਸ ਦੇ ਨਾਲ ਹੀ ਇੱਕ ਮਹੀਨੇ ਤੱਕ ਕੰਮ ਸ਼ੁਰੂ ਹੋ ਜਾਣੇ ਹਨ। ਈਓ ਨੇ ਦੱਸਿਆ ਕਿ ਜੋ ਵੀ ਹੁਣ ਤੱਕ ਪ੍ਰਪੋਜ਼ਲਜ਼ ਆਏ ਹਨ, ਉਨ੍ਹਾਂ ਮੁਤਾਬਕ ਸ਼ਹਿਰ ਦੀ ਕੋਈ ਵੀ ਸੜਕ ਕੱਚੀ ਨਹੀਂ ਰਹੇਗੀ।

ਉਨ੍ਹਾਂ ਦੱਸਿਆ ਕਿ ਕੁਆਲਟੀ ਚੈੱਕ ਕਰਨ ਦੇ ਲਈ ਡਿਪਾਰਟਮੈਂਟ ਦਾ ਵੱਖਰੇ ਤੌਰ 'ਤੇ ਇੱਕ ਟੈਕਨੀਕਲ ਸਟਾਫ਼ ਆਵੇਗਾ ਜੋ ਕਿ ਬਣ ਚੁੱਕੀਆਂ ਸੜਕਾਂ ਦੀ ਕੁਆਲਟੀ ਚੈੱਕ ਕਰਦਾ ਹੈ ਤੇ ਸਮੇਂ-ਸਮੇਂ 'ਤੇ ਚੈਕਿੰਗ ਹੁੰਦੀ ਰਹੇਗੀ। ਵਿਸ਼ਾਨ ਦੀਪ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਥੋੜੀ ਬਹੁਤੀ ਨਗਰ ਕੌਂਸਲ ਨੂੰ ਜ਼ਰੂਰ ਦਿੱਕਤ ਆਈ ਹੈ, ਕਿਉਂਕਿ ਕੁਝ ਕੰਮ ਚੱਲ ਰਹੇ ਸੀ ਜੋ ਬੰਦ ਹੋ ਚੁੱਕੇ ਹਨ। ਪਰ ਹੁਣ ਜਿਵੇਂ-ਜਿਵੇਂ ਮਾਹੌਲ ਠੀਕ ਹੋ ਰਿਹਾ ਹੈ, ਸਾਰੇ ਕੰਮ ਸ਼ੁਰੂ ਹੋ ਚੁੱਕੇ ਹਨ ਅਤੇ ਜਲਦ ਹੀ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰ ਲਿਆ ਜਾਵੇਗਾ।

ABOUT THE AUTHOR

...view details