ਮਾਨਸਾ: ਸਥਾਨਕ ਟਰੱਕ ਯੂਨੀਅਨ ਆਪਰੇਟਰਾਂ ਚੋਂ ਸ਼ੁੱਕਰਵਾਰ ਨੂੰ ਹੋਈ ਹਿੰਸਕ ਘਟਨਾ ਵਿੱਚ ਇੱਕ ਵਿਅਕਤੀ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ ਸੀ ਜਿਸ ਦਾ ਪਰਿਵਾਰ ਵੱਲੋਂ ਅਜੇ ਤੱਕ ਪੋਸਟਮਾਰਟਮ ਨਹੀਂ ਕਰਵਾਇਆ ਗਿਆ, ਪਰਿਵਾਰ ਦੀ ਮੰਗ ਹੈ ਕਿ ਜਦੋਂ ਤੱਕ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ।
ਟਰੱਕ ਅਪਰੇਟਰ ਕਤਲ ਮਾਮਲੇ 'ਚ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਵੱਲੋਂ ਧਰਨਾ ਪੀੜਤ ਪਰਿਵਾਰ ਵੱਲੋਂ ਮਾਨਸਾ ਬਾਰਾਂ ਹੱਟਾਂ ਚੌਕ ਚੋਂ ਸ਼ਾਂਤਮਈ ਧਰਨਾ ਸ਼ੁਰੂ ਕਰ ਦਿੱਤਾ ਅਤੇ ਕਾਤਲਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਸ਼ੁੱਕਰਵਾਰ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਜੋ ਫੂਡ ਸਪਲਾਈ ਦਫ਼ਤਰ ਵਿਖੇ ਕਣਕ ਦੀ ਢੋਆ ਢੁਆਈ ਦੇ ਟੈਂਡਰਾਂ ਦੀ ਐਨਓਸੀ ਲੈਣ ਲਈ ਪਹੁੰਚੇ ਟਰੱਕ ਆਪਰੇਟਰਾਂ ਦੇ ਦੋ ਧੜਿਆਂ ਚੋਂ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਸੀ, ਤਕਰਾਰ ਇੰਨਾ ਵਧ ਗਿਆ ਕਿ ਗੰਡਾਸੇ ਅਤੇ ਗੋਲ਼ੀਆਂ ਸ਼ਰੇਆਮ ਚੱਲੀਆਂ ਜਿਸ ਚੋਂ ਇੱਕ ਟਰੱਕ ਅਪਰੇਟਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਪਰਿਵਾਰ ਮੰਗ ਕਰ ਰਿਹਾ ਹੈ ਕਿ ਜਦੋਂ ਤੱਕ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਟਰੱਕ ਅਪਰੇਟਰ ਚੰਦਰ ਮੋਹਨ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਪੋਸਟਮਾਰਟਮ ਹੋਣ ਦਿੱਤਾ ਜਾਵੇਗਾ। ਮ੍ਰਿਤਕ ਚੰਦਰ ਮੋਹਨ ਦੀ ਪਤਨੀ ਬੰਦਨਾ ਰਾਣੀ ਨੇ ਦੱਸਿਆ ਕਿ ਉਸਦਾ ਪਤੀ ਐਨਓਸੀ ਲੈਣ ਦੇ ਲਈ ਜ਼ਿਲ੍ਹਾ ਪ੍ਰੀਸ਼ਦ ਗਿਆ ਸੀ ਜਿੱਥੇ ਕਿ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰਿਤਪਾਲ ਸਿੰਘ ਡਾਲੀ ਵੱਲੋਂ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਵੰਦਨਾ ਰਾਣੀ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਧਰਨੇ 'ਤੇ ਡਟੇ ਰਹਿਣਗੇ।
ਮ੍ਰਿਤਕ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਅੱਜ ਤਿੰਨ ਦਿਨ ਹੋ ਗਏ ਨੇ ਕਾਤਲਾਂ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਚੰਦਰ ਮੋਹਨ ਦਾ ਪੋਸਟਮਾਰਟਮ ਵੀ ਪੀਜੀਆਈ ਦੇ ਡਾਕਟਰਾਂ ਤੋਂ ਕਰਵਾਇਆ ਜਾਵੇ ਕਿਉਂਕਿ ਰਾਜਨੀਤੀ ਚੋਂ ਚੰਗਾ ਰਸੂਖ ਰੱਖਣ ਵਾਲੇ ਇਸ ਵਿਅਕਤੀ ਵੱਲੋਂ ਪੋਸਟਮਾਰਟਮ ਦੇ ਵਿੱਚ ਵੀ ਘਪਲਾ ਕਰਵਾਇਆ ਜਾ ਸਕਦਾ ਹੈ ।