Mansa Madical Store : ਮਾਨਸਾ 'ਚ ਮੈਡੀਕਲ ਸਟੋਰਾਂ 'ਤੇ ਵਿਕਦੇ ਨਸ਼ੇ ਦੀ ਵਾਇਰਲ ਵੀਡੀਓ ਦਾ ਭੱਖਿਆ ਮਾਮਲਾ ਮਾਨਸਾ: ਪੰਜਾਬ ਨਸ਼ੇ ਨੂੰ ਲੈਕੇ ਬਦਨਾਮੀ ਦਾ ਦੌਰ ਦੇਖ ਰਿਹਾ ਹੈ ਹਰ ਦਿਨ ਸੈਂਕੜੇ ਨੌਜਵਾਨ ਇਸ ਦਾ ਸ਼ਿਕਾਰ ਹੁੰਦੇ ਹਨ। ਅਜਿਹੇ ਵਿਚ ਕੁਝ ਲੋਕ ਜੋ ਨਸ਼ਿਆਂ ਖਿਲਾਫ ਆਵਾਜ਼ ਚੁੱਕਦੇ ਹਨ ਉਹਨਾਂ ਖਿਲਾਫ ਕਾਰਵਾਈ ਹੁੰਦੀ ਹੈ। ਅਜਿਹਾ ਹੀ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਜਿਥੇ ਸ਼ਹਿਰ ਦੇ ਇਕ ਨੌਜਵਾਨ ਵੱਲੋਂ ਨਸ਼ਾ ਵੇਚਣ ਵਾਲੇ ਮੈਡੀਕਲ ਸਟੋਰਾਂ ਦਾ ਸਟਿੰਗ ਕੀਤਾ ਗਿਆ। ਪਰ ਉਕਤ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਦੇ ਬਜਾਏ ਉਸ ਹੀ ਨੌਜਵਾਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਨੂੰ ਲੈਕੇ ਹੁਣ ਇਸ ਨੌਜਵਾਨ ਨਾਲ ਸ਼ਹਿਰ ਦੇ ਹੋਰ ਵੀ ਲੋਕ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅੱਗੇ ਆਏ ਹਨ, ਇਸ ਮੁੱਦੇ ਵਿਚ ਆਵਾਜ਼ ਚੁੱਕਣ ਵਾਲੇ ਨੌਜਵਾਨ ਨੇ ਕਿਹਾ ਕਿ 15 ਮੈਡੀਕਲ ਸਟੋਰਾਂ ਦੇ ਉਨ੍ਹਾਂ ਕੋਲ ਸਟਿੰਗ ਅਪਰੇਸ਼ਨ ਹਨ ਅਤੇ ਸ਼ਹਿਰ 'ਚ ਹੋਰ 27 ਮੈਡੀਕਲ ਸਟੋਰਾਂ ਤੋਂ ਵੀ ਸ਼ਰੇਆਮ ਖੁੱਲ੍ਹਾ ਨਸ਼ਾ ਵਿੱਕ ਰਿਹਾ ਹੈ, ਪਰ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਹੋਈ ਬਲਕਿ ਉਸਦੇ ਉੱਤੇ ਹੀ ਕਾਰਵਾਈ ਕੀਤੀ ਜਾ ਰਹੀ ਹੈ , ਪਰ ਉਹ ਡਰਨ ਵਾਲੇ ਨਹੀਂ ਹਨ।
ਪਹਿਲਾਂ ਪਰਚੇ ਦਰਜ ਹਨ ਉਨ੍ਹਾਂ ਨੂੰ ਦੁਬਾਰਾ ਖੋਲਿਆ ਜਾਵੇ: ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਇੱਕ ਮੈਡੀਕਲ ਸਟੋਰ ਵਾਲੇ ਨੂੰ ਨਸ਼ੇ ਵੇਚਣ ਤੋਂ ਗੁਰੇਜ਼ ਕਰਨ ਲਈ ਕਿਹਾ ਤਾਂ ਉਨ੍ਹਾਂ ਵੱਲੋਂ ਸਾਨੂੰ ਗਾਲਾਂ ਕੱਢੀਆਂ ਗਈਆਂ, ਪਰ ਅਸੀਂ ਇੰਨਾ ਤੋਂ ਡਰਨ ਵਾਲੇ ਨਹੀਂ, ਆਉਣ ਵਾਲੇ ਦਿਨਾਂ ਵਿਚ ਹੋਰ ਵੀ ਮੈਡੀਕਲ ਸਟੋਰਾਂ ਦੇ ਸਟਿੰਗ ਵਾਇਰਲ ਕਰਾਂਗੇ ਉਨ੍ਹਾਂ ਕਿਹਾ ਕਿ ਇਨ੍ਹਾਂ ਮੈਡੀਕਲ ਸਟੋਰਾਂ ਵਾਲਿਆਂ 'ਤੇ ਜੋ ਪਹਿਲਾਂ ਪਰਚੇ ਦਰਜ ਹਨ। ਉਨ੍ਹਾਂ ਨੂੰ ਦੁਬਾਰਾ ਖੋਲਿਆ ਜਾਵੇ ਤੇ ਜਾਂਚ ਕੀਤੀ ਜਾਵੇ।ਇਸ ਵਿਚ ਡਰੱਗ ਇੰਸਪੈਕਟਰ ਦੀ ਭੂਮਿਕਾ 'ਤੇ ਵੀ ਸਵਾਲ ਖੜੇ ਕੀਤੇ ਹਨ | ਉਨ੍ਹਾਂ ਸਰਕਾਰ ਤੋ ਮੰਗ ਕੀਤੀ ਕਿ ਨਸ਼ੇ ਵੇਚਣ ਵਾਲੇ ਮੈਡੀਕਲ ਸਟੋਰਾਂ ਵਾਲਿਆਂ ਦੀ ਜਾਂਚ ਕੀਤੀ ਜਾਵੇ। ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਿਆ ਜਾਵੇ।
ਇਹ ਵੀ ਪੜ੍ਹੋ :JEE MAIN 2023 ਦਾ ਨਤੀਜਾ ਜਾਰੀ, ਜੇਈਈ ਐਡਵਾਂਸਡ ਦੇ ਕੁਆਲੀਫਾਇੰਗ ਕੱਟਆਫ ਵਿੱਚ ਵਾਧਾ
ਮੈਡੀਕਲ ਕੈਮਿਸਟਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ : ਉਥੇ ਹੀ ਇਸ ਮੌਕੇ ਮੈਡੀਕਲ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਉਹ 500 ਤੋਂ ਜ਼ਿਆਦਾ ਮੈਡੀਕਲ ਲਾਈਸੰਸ ਹੋਲਡਰ ਹਨ ਅਤੇ ਉਨ੍ਹਾਂ ਦੀਆਂ ਸਮੇਂ ਸਮੇਂ 'ਤੇ ਡਰੱਗ ਇੰਸਪੈਕਟਰ ਵੱਲੋਂ ਚੈਕਿੰਗ ਵੀ ਕੀਤੀ ਜਾਂਦੀ ਹੈ, ਤੇ ਗਲਤ ਅਨਸਰ ਜਾਣਬੂਝ ਕੇ ਮੈਡੀਕਲ ਕੈਮਿਸਟਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਭ ਕੁਝ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਮਾਨਸਾ ਦੇ ਐਸ ਐਸ ਪੀ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਕੈਮਿਸਟ ਨਸ਼ੇ ਵੇਚਣ ਦਾ ਕੰਮ ਕਰਦਾ ਹੈ ਤਾਂ ਉਸ ਦੀ ਮੈਡੀਕਲ ਅਧਿਕਾਰੀ ਕਿਸੇ ਵੀ ਸਮੇਂ ਆ ਕੇ ਚੈਕਿੰਗ ਕਰ ਸਕਦੇ ਹਨ। ਐਸੋਸੀਏਸ਼ਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਕਤ ਵਿਅਕਤੀ ਤੇ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਦੇ ਵਿੱਚ ਮੈਡੀਕਲ ਦੀਆਂ ਦੁਕਾਨਾਂ ਬੰਦ ਕਰਕੇ ਪ੍ਰਦਰਸ਼ਨ ਕਰਨਗੇ, ਮੈਡੀਕਲ ਕੈਮਿਸਟਾਂ ਨੇ ਕਿਹਾ ਕਿ ਨਸ਼ੇ ਵੇਚਣ ਦੇ ਲਗਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਹਨ।
ਸੋਸ਼ਲ ਮੀਡੀਆ ਜਰੀਏ ਵਟਸਪ 'ਤੇ ਆਈਆਂ ਵੀਡੀਓ: ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡਰੱਗ ਇੰਸਪੈਕਟਰ ਨੇ ਕਿਹਾ ਕਿ ਉਨ੍ਹਾਂ ਕੋਲ ਵੀ ਸੋਸ਼ਲ ਮੀਡੀਆ ਦੇ ਜਰੀਏ ਵਟਸਪ 'ਤੇ ਕੁੱਝ ਵੀਡੀਓ ਕੱਲ ਆਈਆਂ ਹਨ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਵੱਲੋ ਇਨ੍ਹਾਂ ਮੈਡੀਕਲ ਸਟੋਰਾਂ ਦੇ ਖਿਲਾਫ਼ ਵੀਡੀਓ ਪਾ ਰਿਹਾ ਹੈ, ਉਸ ਵੱਲੋਂ ਨਾ ਤਾਂ ਮੇਰੇ ਕੋਲ ਵੀਡੀਓ ਭੇਜੀ ਗਈ ਹੈ ਅਤੇ ਨਾ ਹੀ ਮੇਰੇ ਕੋਲ ਆ ਕੇ ਕੋਈ ਸ਼ਿਕਾਇਤ ਦਿੱਤੀ ਹੈ ਅਤੇ ਉਸ ਵੱਲੋਂ ਜੋ ਵਿਡੀਓ ਵਿੱਚ ਕਿਹਾ ਹੈ ਕਿ ਮੇਰੇ ਕੋਲ 14 ਦੁਕਾਨਾਂ ਦੇ ਸਬੂਤਾਂ ਹਨ,ਨਾ ਹੀ ਮੈਨੂੰ ਕੋਈ ਸਬੂਤ ਭੇਜੇ ਹਨ ਉਨ੍ਹਾਂ ਕਿਹਾ ਕਿ ਵੀਡੀਓ ਵਿੱਚ ਜੋ ਦਵਾਈਆਂ ਦਿਖਾਈਆਂ ਜਾ ਰਹੀਆਂ ਹਨ। ਜੇਕਰ ਉਨ੍ਹਾਂ ਨੂੰ ਕੋਈ ਗ਼ਲਤ ਤਰੀਕੇ ਨਾਲ ਵੇਚ ਰਿਹਾ ਹੈ ਉਸਦੇ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਦਿਨੀਂ ਵੀ ਪੁਲਿਸ ਨਾਲ ਮਿਲ ਕੇ ਕਾਰਵਾਈ ਕੀਤੀ ਹੈ। ਹੁਣ ਵੀ ਜੋ ਦੁਕਾਨਾਂ ਦੇ ਵੀਡੀਓ ਵਿੱਚ ਨਾਮ ਲੈ ਰਿਹਾ ਹੈ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਹੋਈ ਹੈ ਅਤੇ ਜਲਦ ਹੀ ਇਕ ਕਮੇਟੀ ਵੀ ਬਣਾਈ ਜਾ ਰਹੀ ਹੈ ਡਰੱਗ ਇੰਸਪੈਕਟਰ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਵੀ ਸਿਰੇ ਤੋਂ ਨਕਾਰ ਦਿੱਤਾ ਹੈ।
ਇਹ ਵੀ ਪੜ੍ਹੋ :Alert in Punjab Jails : ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਨੂੰ ਕੀਤਾ ਗਿਆ ਅਲਰਟ, ਜੇਲ੍ਹ ਅਧਿਕਾਰੀਆਂ ਨੂੰ ਲਿਖਿਆ ਪੱਤਰ
ਉਧਰ ਐਸਐਸਪੀ ਮਾਨਸਾ ਡਾਕਟਰ ਨਾਨਕ ਸਿੰਘ ਨੇ ਕਿਹਾ ਕਿ ਦੋਨਾਂ ਪਾਰਟੀਆਂ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਅਤੇ ਇਸ ਦੀ ਜਾਂਚ ਕਰ ਰਹੇ ਹਾਂ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਟੀਮ ਖ਼ੁਦ ਕਿਸੇ ਮੈਡੀਕਲ ਦੀ ਜਾ ਕੇ ਚੈਕਿੰਗ ਨਹੀਂ ਕਰਦੀ ਕਿਉਂਕਿ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਹੀ ਚੈਕਿੰਗ ਕੀਤੀ ਜਾ ਸਕਦੀ ਹੈ।