ਮਾਨਸਾ: ਮਾਲਵਾ ਪੱਟੀ ਨੂੰ ਪੰਜਾਬ ਦੀ ਨਰਮਾ ਪੱਟੀ ਵੀ ਆਖਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਬੀਤੇ ਚਾਰ ਤੋਂ ਪੰਜ ਵਰ੍ਹਿਆਂ ਵਿੱਚ ਨਕਲੀ ਨਦੀਨਨਾਸ਼ਕਾਂ ਅਤੇ ਕੀਟਨਾਸ਼ਕਾਂ ਦੇ ਕਾਰਨ ਹੋਏ ਨੁਕਸਾਨ ਨੇ ਇਸ ਨਰਮਾ ਪੱਟੀ ਦੇ ਕਿਸਾਨਾਂ ਦਾ ਮੂੰਹ ਝੋਨੇ ਦੀ ਫਸਲ ਵੱਲ ਮੋੜ ਦਿੱਤਾ ਸੀ। ਇਸ ਵਾਰ ਨਰਮੇ ਦੀ ਫ਼ਸਲ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਾ ਹੋਣ ਕਾਰਨ ਨਰਮੇ ਦੀ ਫਸਲ ਬਹੁਤ ਹੀ ਵਧੀਆ ਖੜ੍ਹੀ ਹੈ। ਇਸ ਦੇ ਚੱਲਦਿਆਂ ਖੇਤੀਬਾੜੀ ਵਿਭਾਗ ਦਾ ਦਾਅਵਾ ਹੈ ਕਿ ਇਸ ਵਾਰ ਮਾਨਸਾ ਜ਼ਿਲ੍ਹੇ ਦੇ ਵਿੱਚ ਨਰਮੇ ਦੀ ਬੰਪਰ ਫ਼ਸਲ ਹੋਵੇਗੀ।
ਉੱਥੇ ਹੀ ਖੇਤਾਂ ਵਿੱਚ ਖੜ੍ਹੀ ਨਰਮੇ ਦੀ ਫ਼ਸਲ ਨੂੰ ਦੇਖ ਕੇ ਕਿਸਾਨ ਵੀ ਖ਼ੁਸ਼ ਦਿਖਾਈ ਦੇ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਨਰਮੇ ਦਾ ਚੰਗਾ ਭਾਅ ਦੇਵੇ ਅਤੇ ਸਰਕਾਰੀ ਖਰੀਦ 'ਤੇ ਨਰਮਾ ਖਰੀਦੇ ਤਾਂ ਉਨ੍ਹਾਂ ਦੀ ਮਿਹਨਤ ਦਾ ਮੁੱਲ ਮੁੜ ਜਾਵੇਗਾ।
ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਠ ਏਕੜ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ ਅਤੇ ਨਰਮੇ ਦੀ ਫ਼ਸਲ ਇਸ ਵਾਰ ਬਹੁਤ ਹੀ ਵਧੀਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਨਰਮੇ ਦੀ ਫਸਲ ਦਾ ਝਾੜ ਘੱਟ ਹੋਣ ਅਤੇ ਨਰਮੇ ਦੀ ਫਸਲ ਨੂੰ ਬਿਮਾਰੀ ਪੈਣ ਕਾਰਨ ਕਿਸਾਨ ਨਰਮੇ ਤੋਂ ਮੁੱਖ ਮੋੜ ਚੁੱਕੇ ਸੀ ਪਰ ਇਸ ਵਾਰ ਨਰਮੇ ਦੀ ਫਸਲ 'ਤੇ ਬਹੁਤ ਹੀ ਵਧੀਆ ਝਾੜ ਹੈ। ਇਸ ਦੇ ਚੱਲਦੇ ਕਿਸਾਨ ਖੁਸ਼ ਨੇ ਉਨ੍ਹਾਂ ਉਮੀਦ ਕੀਤੀ ਕਿ ਇਸ ਵਾਰ ਨਰਮੇ ਦੀ ਫ਼ਸਲ ਬਹੁਤ ਵਧੀਆ ਹੋਵੇਗੀ ।
ਕਿਸਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 12 ਏਕੜ ਦੇ ਵਿੱਚ ਨਰਮੇ ਦੀ ਬਿਜਾਈ ਕੀਤੀ ਗਈ ਹੈ ਤੇ ਨਰਮੇ ਦੀ ਫਸਲ ਬਹੁਤ ਹੀ ਵਧੀਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਵਾਰ ਨਰਮਾ ਬਹੁਤ ਹੀ ਵਧੀਆ ਝਾੜ ਦੇਵੇਗਾ। ਉੱਥੇ ਹੀ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨਰਮੇ ਦਾ ਵਧੀਆ ਭਾਅ ਦੇਵੇ ਤੇ ਸਰਕਾਰੀ ਖ਼ਰੀਦ ਕਰੇ ਤਾਂ ਕਿ ਕਿਸਾਨ ਅੱਗੇ ਤੋਂ ਵੀ ਨਰਮੇ ਦੀ ਵੱਧ ਬਿਜਾਈ ਕਰਨ।