Lawrence Bishnoi viral video call: ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਸਵਾਲ ਮਾਨਸਾ: ਗੈਂਗਸਟਰ ਲਾਰੈਂਸ ਬਿਸ਼ਨੋਈ ਅਕਸਰ ਹੀ ਆਪਣੇ ਕਾਰਨਾਮਿਆਂ ਕਾਰਨ ਸੁਰਖੀਆਂ 'ਚ ਰਹਿੰਦਾ ਹੈ। ਹੁਣ ਇੱਕ ਵਾਰ ਫਿਰ ਲਾਰੈਸ਼ ਬਿਸ਼ਨੋਈ ਵੀਡੀਓ ਕਾਲ ਨੂੰ ਲੈ ਕੇ ਚਰਚਾ ਹੈ। ਲਾਰੈਂਸ ਅਤੇ ਮੋਨੂੰ ਮਾਨੇਸਰ ਦੀ ਵੀਡੀਓ ਕਾਲ ਵਾਇਰਲ ਹੋ ਰਹੀ ਹੈ। ਜਿਸ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਇੱਕ ਵਾਰ ਫਿਰ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ 'ਤੇ ਸਵਾਲ ਖੜ੍ਹੇ ਕੀਤੇ ਹਨ।ਉਨ੍ਹਾਂ ਇਸ ਵੀਡੀਓ 'ਤੇ ਸਰਕਾਰ ਦਾ ਸਪੱਸ਼ਟੀਕਰਨ ਮੰਗਿਆ ਹੈ। (Lawrence Bishnoi viral video call)
ਮੂਸੇਵਾਲਾ ਦੀ ਮੌਤ ਨੂੰ ਹੋਏ 475 ਦਿਨ: ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਨੂੰ ਸੰਬੋਧਨ ਕਰਦੇ ਹੋਏ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਕਿ ਸਿੱਧੂ ਦੀ ਮੌਤ ਨੂੰ 475 ਦਿਨ ਹੋ ਗਏ ਹਨ ਪਰ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਤੁਹਾਡਾ ਉਤਸ਼ਾਹ ਪਹਿਲੇ ਦਿਨ ਵਾਂਗ ਹੀ ਹੈ। ਉਨ੍ਹਾਂ ਸਰਕਾਰ ਨੂੰ ਘੇਰਦੇ ਆਖਿਆ ਕਿ ਸਰਕਾਰ 'ਤੇ ਸਾਡੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋ ਰਿਹਾ। ਬਲਕੌਰ ਸਿੰਘ ਨੇ ਆਖਿਆ ਕਿ ਹਰ ਦਿਨ ਗੈਂਗਸਟਰਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ ਪਰ ਸਰਕਾਰਾਂ ਕੋਈ ਵੀ ਸਖ਼ਤ ਕਦਮ ਨਹੀਂ ਚੁੱਕ ਰਹੀਆਂ। ਉਨ੍ਹਾਂ ਆਖਿਆ ਕਿ ਕੱੁਝ ਸਮਾਂ ਪੁਲਿਸ ਵੱਲੋਂ ਨੱਠ-ਭੱਜ ਕਰਕੇ ਗ੍ਰਿਫ਼ਤਾਰੀਆਂ ਕੀਤੀਆਂ ਜਾਂਦੀਆਂ ਨੇ ਫਿਰ ਮਾਮਲੇ ਨੂੰ ਠੰਢੇ ਬਸਤੇ ਪਾ ਦਿੱਤਾ ਜਾਂਦਾ ਹੈ। (Lawrence Bishnoi viral video call)
ਲਾਰੈਂਸ ਨੂੰ ਦਿੱਤੀ ਸੀ ਮੂਸੇਵਾਲਾ ਦੀ ਮੌਤ ਦੀ ਖ਼ਬਰ:ਬਲਕੌਰ ਸਿੰਘ ਨੇ ਮੁੜ ਆਖਿਆ ਕਿ ਤੁਹਾਨੂੰ ਯਾਦ ਹੋਵੇਗਾ ਜਦੋਂ ਸ਼ੁਭਦੀਪ ਦੀ ਮੌਤ ਨੇ ਇਸ ਪਾਪੀ ਬੰਦੇ ਨੂੰ ਦੱਸਿਆ ਕਿ ਬਾਈ ਗਿਆਨੀ ਗੱਡੀ ਚਾੜ੍ਹ ਦਿੱਤਾ ਹੈ ਤਾਂ ਸਿੱਧੂ ਦੀ ਮੌਤ ਦੀ ਜਾਣਕਾਰੀ ਜੇਲ੍ਹ ਵਿੱਚ ਬੈਠੇ ਇਸ ਪਾਪੀ ਬੰਦੇ ਨੂੰ ਦਿੱਤੀ ਗਈ ਸੀ ਪਰ ਸਾਡਾ ਸਿਸਟਮ ਇਸ ਤਰ੍ਹਾਂ ਦੀ ਗਵਾਹੀ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ ਕਿ ਇਸ ਦੀ ਪੁਸ਼ਟੀ ਕਿਸ ਤਰ੍ਹਾਂ ਕੀਤੀ ਜਾਵੇ। ਇਹਨਾਂ ਦਾ ਕਰੋੜਾਂ ਰੁਪਏ ਦਾ ਕਾਰੋਬਾਰ ਹੈ ਅਤੇ ਜੇਲ੍ਹਾਂ 'ਚ ਬੈਠੇ ਹੀ ਫੋਨਾਂ ਦੇ ਰਾਹੀਂ ਇਹ ਸਾਰਾ ਸਿਸਟਮ ਚਲਾ ਰਹੇ ਹਨ ਪਰੰਤੂ ਜਦੋਂ ਸਜਾ ਹੋਣ ਦੀ ਗੱਲ ਆਉਂਦੀ ਹੈ ਤਾਂ ਇਹ ਅਦਾਲਤਾਂ ਦੇ ਵਿੱਚ ਆ ਕੇ ਮੁਕਰ ਜਾਂਦੇ ਹਨ ਕਿ ਸਾਡੇ ਕੋਲ ਤਾਂ ਫੋਨ ਹੀ ਨਹੀਂ ਅਸੀਂ ਫੋਨ 'ਤੇ ਗੱਲ ਕਿੱਥੋਂ ਕਰ ਸਕਦੇ ਹਾਂ ।
ਵਕੀਲ ਨੇ ਪਾਈ ਆਰ.ਟੀ.ਆਈ.ਉਹਨਾਂ ਕਿਹਾ ਕਿ ਕੱਲ ਕਿਸੇ ਵਕੀਲ ਨੇ ਮੈਨੂੰ ਚਿੱਠੀ ਭੇਜੀ ਹੈ। ਚਿੱਠੀ ਜਰੀਏ ਵਕੀਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਆਰ.ਟੀ.ਆਈ.ਪਾਈ ਗਈ ਜਿਸ 'ਚ ਸਰਕਾਰ ਤੋਂ ਪੁੱਛਿਆ ਗਿਆ ਸੀ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ 'ਤੇ ਕਿੰਨਾ ਖ਼ਰਚਾ ਆ ਰਿਹਾ ਸੀ ਅਤੇ ਲਾਰੈਂਸ ਬਿਸ਼ਨੋਈ ਦੀ ਸੁੱਰਖਿਆ 'ਤੇ ਕਿੰਨਾ ਖ਼ਰਚ ਆ ਰਿਹਾ ਹੈ? ਜਾਂ ਫਿਰ ਕਿੰਨੇ ਗੈਂਗਸਟਰ ਮੂਸੇਵਾਲਾ ਦੇ ਕਤਲ 'ਚ ਹੋਰ ਕਿੰਨੇ ਗੈਂਗਸਟਰ ਲੋੜੀਂਦੇ ਹਨ। ਸਰਕਾਰ ਵੱਲੋਂ ਇਸ ਦਾ ਜਵਾਬ ਆਇਆ ਕਿ ਇਸ ਚੀਜ਼ ਦਾ ਹਿਸਾਬ -ਕਿਤਾਬ ਨਹੀਂ ਰੱਖਿਆ ਜਾਂਦਾ। ਅਜਿਹਾ ਆਖ ਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੀ ਹੈ।
ਪੰਜਾਬ 'ਚ ਗੈਂਗਸਟਰਾਂ ਦਾ ਬੋਲਬਾਲਾ: ਬਲਕੌਰ ਸਿੰਘ ਨੇ ਆਖਿਆ ਹੁਣ ਪੰਜਾਬ 'ਚ ਸਰਕਾਰਾਂ ਦਾ ਨਹੀਂ ਬਲਕਿ ਗੈਂਗਸਟਰਾਂ ਦਾ ਰਾਜ ਹੈ। ਬੱਚੇ ਇਸੇ ਕਾਰਨ ਵਿਦੇਸ਼ਾਂ 'ਚ ਜਾ ਰਹੇ ਹਨ ਕਿਉਂਕਿ ਇੱਥੇ ਨਸ਼ਾ, ਬੇਰੁਜ਼ਗਾਰੀ ਅਤੇ ਗੈਂਗਸਟਰਾਂ ਨੇ ਆਮ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ। ਜਦੋਂ ਵੀ ਕੋਈ ਆਪਣਾ ਨਾਮ ਬਣਾਉਂਦਾ ਹੈ , ਤਰੱਕੀ ਕਰਦਾ ਹੈ ਤਾਂ ਇਹ ਗੈਂਗਸਟਰ ਆਪਣਾ ਹਿੱਸਾ ਮੰਗਦੇ ਹਨ ਜੇਕਰ ਕੋਈ ਹਿੱਸਾ ਨਹੀਂ ਦਿੰਦਾ ਤਾਂ ਉਸ ਦਾ ਕਤਲ ਕਰ ਦਿੰਦੇ ਹਨ। ਉਹਨਾਂ ਕਿਹਾ ਕਿ ਜਦੋਂ ਤੱਕ ਮੈਂ ਆਪਣੇ ਪੁੱਤਰ ਦਾ ਇਨਸਾਫ਼ ਨਹੀਂ ਲੈ ਲੈਂਦਾ ਉਦੋਂ ਤੱਕ ਮੈਂ ਸਰਕਾਰ ਦੇ ਖਿਲਾਫ ਇਸੇ ਤਰ੍ਹਾਂ ਬੋਲਦਾ ਰਹਾਂਗਾ। ਕਿਉਂਕਿ ਲਾਰੈਂਸ ਬਿਸ਼ਨੋਈ ਦੀ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ ਪਰ ਸਰਕਾਰ ਨੇ ਤਾਂ ਪਿਛਲੀ ਇੰਟਰਵਿਊ ਦਾ ਜਵਾਬ ਤੱਕ ਨਹੀਂ ਦਿੱਤਾ ਤਾਂ ਹੁਣ ਇਸ ਵੀਡੀਓ ਕਾਲ ਦਾ ਜਵਾਬ ਜ਼ਰੂਰ ਦੇਵੇ ਕਿ ਕਿਸ ਤਰ੍ਹਾਂ ਗੈਂਗਸਟਾਰ ਜੇਲ੍ਹਾਂ ਦੇ ਵਿੱਚ ਬੈਠੇ ਵੀਡੀਓ ਕਾਲ ਕਰ ਰਹੇ ਹਨ।