Punjab government: ਹਸਪਤਾਲ ਵਿੱਚ ਡਾਕਟਰ ਘਟਾਏ ਜਾਣ ਅਤੇ ਮਸ਼ੀਨਰੀ ਹਟਾਏ ਜਾਣ ਤੋਂ ਨਰਾਜ਼ ਲੋਕ, ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ ਮਾਨਸਾ: ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਬਣਾਏ ਜਾ ਰਹੇ ਆਮ ਆਦਮੀ ਕਲੀਨਿਕਾਂ ਦਾ ਵਿਰੋਧ ਜਾਰੀ ਹੈ। ਹੁਣ ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਵਿਖੇ ਭਾਈ ਬਹਿਲੋ ਹਸਪਤਾਲ ਵਿੱਚ ਘਟਾਏ ਗਏ ਸਟਾਫ ਅਤੇ ਮਸ਼ੀਨਰੀ ਲੈ ਜਾਣ ਕਾਰਨ ਪਿੰਡ ਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ। ਜਿਸ ਦੇ ਤਹਿਤ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਗਾ ਕੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਅਤੇ ਤੁਰੰਤ ਹਸਪਤਾਲ ਨੂੰ ਅਪਗ੍ਰੇਡ ਕਰਕੇ ਸਟਾਫ਼ ਪੂਰਾ ਕਰਨ ਦੀ ਮੰਗ ਕੀਤੀ।
ਸਟਾਫ ਘਟਾਏ ਜਾਣ ਅਤੇ ਮਿਸ਼ਨਰੀ ਲੈ ਕੇ ਜਾਣ ਦਾ ਵਿਰੋਧ: ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈਕੇ ਵਿਖੇ ਭਾਈ ਬਹਿਲੋ ਹਸਪਤਾਲ ਦਾ ਨੀਂਹ ਪੱਥਰ 1973 ਵਿੱਚ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਵੱਲੋਂ ਰੱਖਿਆ ਗਿਆ ਸੀ। ਇਸ ਹਸਪਤਾਲ ਨੂੰ ਪਿੰਡ ਵਾਸੀਆਂ ਵੱਲੋਂ ਫ਼ੰਡ ਇਕੱਠਾ ਕਰਕੇ ਬਣਾਇਆ ਗਿਆ ਸੀ, ਪਰ ਹੁਣ ਮੌਜੂਦਾ ਸਰਕਾਰ ਵੱਲੋਂ ਇਸ ਹਸਪਤਾਲ ਵਿੱਚੋਂ ਸਟਾਫ ਘਟਾਏ ਜਾਣ ਅਤੇ ਮਿਸ਼ਨਰੀ ਲੈ ਕੇ ਜਾਣ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਕਈ ਦਿਨਾਂ ਤੋਂ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ।
ਤਿੱਖੇ ਪ੍ਰਦਰਸ਼ਨ ਦੀ ਚਿਤਾਵਨੀ: ਪਿੰਡ ਦੇ ਸਰਪੰਚ ਇਕਬਾਲ ਸਿੰਘ ਨੇ ਦੱਸਿਆ ਕਿ ਭਾਈ ਬਹਿਲੋ ਹਸਪਤਾਲ 25 ਬੈੱਡਾਂ ਦਾ ਹਸਪਤਾਲ ਸੀ, ਜਿਸ ਦੇ ਵਿੱਚ ਪਹਿਲਾਂ ਅੱਖਾਂ ਦੇ ਅਪਰੇਸ਼ਨ ਅਤੇ ਡਿਲਿਵਰੀਆਂ ਵੀ ਹੁੰਦੀਆਂ ਸਨ। ਇਸ ਹਸਪਤਾਲ ਵਿੱਚ 3 ਡਾਕਟਰ ਤਾਇਨਾਤ ਸਨ ਅਤੇ ਇਸ ਤੋਂ ਇਲਾਵਾ ਨਰਸਿੰਗ ਸਟਾਫ਼ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਦੋ ਡਾਕਟਰ ਮੈਡੀਕਲ ਛੁੱਟੀ ਉੱਤੇ ਹਨ ਅਤੇ ਇੱਕ ਨੂੰ ਭੀਖੀ ਵਿਖੇ ਲਗਾਇਆ ਹੋਇਆ ਹੈ ਅਤੇ ਇਸ ਹਸਪਤਾਲ ਵਿੱਚ ਮਹਿਜ਼ ਦੋ ਦਿਨ ਹੀ ਡਾਕਟਰ ਸੇਵਾਵਾਂ ਦੇਣ ਦੇ ਲਈ ਆਉਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਥੇ ਚਾਰ ਵਾਰਡਨ ਵੀ ਹਨ ਪਰ ਉਹ ਵੀ ਮੌਜੂਦ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਹਸਪਤਾਲ ਨੂੰ ਅਪਗ੍ਰੇਡ ਕਰਕੇ ਇਸ ਹਸਪਤਾਲ ਦੇ ਵਿੱਚ ਲੋੜੀਂਦਾ ਸਮਾਨ ਹੈ ਅਤੇ ਡਾਕਟਰਾਂ ਅਤੇ ਸਟਾਫ ਦੀ ਤਾਇਨਾਤੀ ਪੂਰੀ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੁਹੱਲਾ ਕਲੀਨਿਕ ਖੋਲ੍ਹਣਾ ਹੈ ਤਾਂ ਅਸੀ ਥਾਂ ਦੇ ਦੇਵਾਂਗੇ ਪਰ ਇਸ ਹਸਪਤਾਲ ਦੀਆ ਸੇਵਾਵਾਂ ਜਾਰੀ ਰੱਖੀਆ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੇਕਰ ਧੱਕੇ ਨਾਲ ਉਨ੍ਹਾਂ ਦੇ ਹਸਪਤਾਲ ਨੂੰ ਵਿਗਾੜਨ ਅਤੇ ਆਪਣੀ ਗੱਲ ਮਨਵਾਉਣ ਉੱਤੇ ਬਜਿੱਦ ਰਹਿੰਦੀ ਹੈ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਜੰਗੀ ਪੱਧਰ ਉੱਤੇ ਮੋਰਚਾ ਖੋਲ੍ਹਣਗੇ ਅਤੇ ਉਦੋਂ ਤੱਕ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਨਹੀਂ ਲੈਂਦੀ।
ਇਹ ਵੀ ਪੜ੍ਹੋ:Targeted central government: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ, ਕਿਹਾ-ਖ਼ਾਲਸੇ ਦੀ ਬਦਦੁਆ ਲੱਗੇਗੀ, 'ਪਾਰਲੀਮੈਂਟ ਦੇ ਹੋਣਗੇ ਟੁਕੜੇ'