ਮਾਨਸਾ: ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਜਾਮ ਕਰਕੇ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਵਿਰੁੱਧ ਧਰਨੇ ਦਿੱਤੇ ਜਾ ਰਹੇ ਹਨ। ਮਾਨਸਾ ਵਿੱਚ ਵੀ ਕਿਸਾਨ ਧਰਨੇ ਉੱਪਰ ਡਟੇ ਹੋਏ ਹਨ ਅਤੇ ਕਿਸਾਨਾਂ ਲਈ ਰੋਜ਼ਾਨਾ ਰੇਲਵੇ ਸਟੇਸ਼ਨ ਉੱਪਰ ਹੀ ਲੰਗਰ ਬਣਾਇਆ ਜਾਂਦਾ ਹੈ। ਲੰਗਰ ਵਿੱਚ ਕਿੰਨਾ ਆਟਾ ਲੱਗਦਾ, ਕਿੰਨਾ ਦੁੱਧ ਲੱਗਦਾ, ਕਿੰਨੀ ਚਾਹ ਬਣਦੀ ਹੈ ਅਤੇ ਕਿੰਨੇ ਸਿਲੰਡਰ ਲੱਗ ਜਾਂਦੇ ਹਨ। ਇਸ ਸਬੰਧੀ ਲੰਗਰ ਦੇ ਪ੍ਰਬੰਧਕਾਂ ਨਾਲ ਈਟੀਵੀ ਭਾਰਤ ਵੱਲੋਂ ਗੱਲਬਾਤ ਕੀਤੀ ਗਈ।
ਮਾਨਸਾ 'ਚ ਰੋਜ਼ਾਨਾ 2200 ਤੋਂ ਵਧੇਰੇ ਧਰਨਾਕਾਰੀ ਕਿਸਾਨਾਂ ਲਈ ਤਿਆਰ ਹੁੰਦੈ ਲੰਗਰ - agriculture ordinance
ਮਾਨਸਾ ਵਿੱਚ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਰੇਲਵੇ ਲਾਈਨਾਂ 'ਤੇ ਬੈਠੇ ਕਿਸਾਨਾਂ ਨੂੰ ਲੰਗਰ ਲਈ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ। ਧਰਨੇ ਵਿੱਚ ਮੌਜੂਦ 2200 ਦੇ ਲਗਭਗ ਕਿਸਾਨਾਂ ਲਈ ਰੋਜ਼ਾਨਾ ਕਿੰਨਾ ਸਾਮਾਨ ਖ਼ਪਤ ਹੁੰਦਾ ਹੈ, ਬਾਰੇ ਈਟੀਵੀ ਭਾਰਤ ਨੇ ਪ੍ਰਬੰਧਕਾਂ ਨਾਲ ਗੱਲਬਾਤ ਵੀ ਕੀਤੀ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਦਾ ਢਿੱਡ ਭਰਨ ਲਈ ਕੁੱਝ ਕਿਸਾਨ ਪਿੰਡਾਂ ਵਿੱਚੋਂ ਵੀ ਬਣਿਆ ਹੋਇਆ ਲੰਗਰ ਲੈ ਕੇ ਆਉਂਦੇ ਹਨ ਤਾਂ ਕਿ ਕਿਸਾਨ ਧਰਨੇ ਉੱਪਰ ਡਟੇ ਰਹਿਣ ਅਤੇ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਦਾ ਵਿਰੋਧ ਕਰਦੇ ਰਹਿਣ।
ਲੰਗਰ ਦਾ ਪ੍ਰਬੰਧ ਦੇਖ ਰਹੇ ਸੁਖਚਰਨ ਸਿੰਘ ਦਾਨੇਵਾਲੀਆ ਨੇ ਦੱਸਿਆ ਕਿ ਲੰਗਰ ਵਿੱਚ ਰੋਜ਼ਾਨਾ 30 ਦੇਗੇ ਚਾਹ ਦੇ ਬਣਦੇ ਹਨ, ਇੱਕ ਦੇਗੇ ਵਿੱਚ 300 ਕਿਸਾਨਾਂ ਲਈ ਚਾਹ ਬਣਦੀ ਹੈ। ਇਸਤੋਂ ਇਲਾਵਾ ਦੁੱਧ, ਆਟਾ ਤੇ ਹੋਰ ਰਾਸ਼ਨ ਕਿਸਾਨ ਪਿੰਡਾਂ ਵਿੱਚੋਂ ਲੈ ਕੇ ਆਉਂਦੇ ਹਨ। ਇਨ੍ਹਾਂ ਕਿਸਾਨਾਂ ਦਾ ਇੱਕ ਰਜਿਸਟਰ ਉੱਪਰ ਨਾਮ ਵੀ ਲਿਖਿਆ ਜਾਂਦਾ ਹੈ ਕਿ ਕਿਸ ਪਿੰਡ ਵਿੱਚੋਂ ਕਿੰਨਾ ਦੁੱਧ, ਕਿੰਨਾ ਆਟਾ ਤੇ ਕਿੰਨੀ ਖੰਡ-ਚਾਹ ਪਾਣੀ ਆਇਆ ਹੈ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਲਈ ਲੰਗਰ ਤਿਆਰ ਕਰਨ ਵਾਸਤੇ 4 ਸਿਲੰਡਰ ਵੀ ਰੋਜ਼ਾਨਾ ਦੇ ਖਪਤ ਹੋ ਜਾਂਦੇ ਹਨ ਅਤੇ ਮਾਨਸਾ ਦੇ ਇਸ ਰੇਲਵੇ ਸਟੇਸ਼ਨ 'ਤੇ 2200 ਤੋਂ 2500 ਕਿਸਾਨ ਧਰਨੇ 'ਤੇ ਮੌਜੂਦ ਰਹਿੰਦੇ ਹਨ।