ਮਾਨਸਾ: ਸਥਾਨਕ ਗ੍ਰੈਂਡ ਮਾਲ ਥੀਏਟਰ ਵਿਖੇ ਅੱਜ ਪੰਜਾਬੀ ਫਿਲਮ "ਤੁਣਕਾ ਤੁਣਕਾ" ਦੇ ਹੀਰੋ ਹਰਦੀਪ ਗਰੇਵਾਲ ਤੇ ਉਨ੍ਹਾਂ ਦੀ ਟੀਮ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਫਿਲਮ ਦੇ ਹੀਰੋ ਹਰਦੀਪ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ, ਕਿ ਉਸ ਵੱਲੋਂ ਗਾਏ ਗੀਤ "ਠੋਕਰ" ਨੂੰ ਲੋਕਾਂ ਵੱਲੋਂ ਬੇਹੱਦ ਸਰਾਹਿਆ ਗਿਆ ਸੀ, ਅਤੇ ਇਹ ਗੀਤ ਨੌਜਵਾਨਾਂ ਵਿੱਚ ਉੱਚੀ ਸੋਚ ਪੈਦਾ ਕਰਨ ਲਈ ਕਾਰਗਰ ਸਿੱਧ ਹੋਇਆ।
ਉਨ੍ਹਾਂ ਕਿਹਾ ਕਿ ਇਸ ਗੀਤ ਦੀ ਸਫ਼ਲਤਾ ਨੂੰ ਲੈ ਕੇ ਹੀ ਉਨ੍ਹਾਂ ਵੱਲੋਂ "ਤੁਣਕਾ ਤੁਣਕਾ" ਫਿਲਮ ਬਣਾਉਣ ਦਾ ਫੈਸਲਾ ਕੀਤਾ ਗਿਆ, ਤਾਂ ਕਿ ਨੌਜਵਾਨ ਵਰਗ ਨੂੰ ਵੱਧ ਰਹੀ ਬੇਰੋਜ਼ਗਾਰੀ ਕਾਰਨ ਮਿਲ ਰਹੀ ਅਸਫਲਤਾ ਤੋਂ ਦੁਖੀ ਹੋ ਕੇ ਨਸ਼ਿਆਂ ਦੀ ਦਲਦਲ ਵਿੱਚ ਧਸਣ ਤੋਂ ਬਚਾਇਆ ਜਾ ਸਕੇ।
ਹਰਦੀਪ ਗਰੇਵਾਲ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ, ਕਿ ਉਹ ਨਸ਼ਿਆਂ ਅਤੇ ਖੁਦਕੁਸ਼ੀਆਂ ਦੇ ਰਾਹ ਪੈਣ ਦੀ ਬਜਾਏ ਮਿਹਨਤ ਦੇ ਰਾਹ ਪੈਣ ਅਤੇ ਆਪਣੇ ਜੀਵਨ ਵਿੱਚ ਖੁਸ਼ਹਾਲੀ ਲੈ ਕੇ ਆਉਣ। ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਵੀ ਫਿਲਮ ਦੇ ਹੀਰੋ ਹਰਦੀਪ ਗਰੇਵਾਲ, ਅਦਾਕਾਰ ਲੱਖਾ ਲਹਿਰੀ ਅਤੇ ਡਾਇਰੈਕਟਰ ਗੈਰੀ ਨੂੰ ਵਧਾਈ ਦਿੱਤੀ।