ਮਾਨਸਾ: ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਧਰਤੀ ਤੇ ਪੁਰਾਤਨ ਵਿਰਸੇ ਨਾਲ ਜੁੜੀਆਂ ਸਿੱਖ ਪੰਥ ਦੀਆਂ ਯਾਦਾਂ ਅੱਜ ਵੀ ਮੌਜੂਦ ਹਨ। ਅਜਿਹੀ ਹੀ ਧਰਤੀ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਫਫੜੇ ਭਾਈ ਕੇ ਦੀ ਜਿੱਥੇ ਬਾਬਾ ਭਾਈ ਬਹਿਲੋ ਸਭ ਤੋਂ ਪਹਿਲੋਂ ਨੇ ਇਸ ਪਿੰਡ ਨੂੰ ਵਸਾਇਆ ਸੀ ਅਤੇ ਅੱਜ ਵੀ ਇਸ ਪਿੰਡ ਵਿੱਚ ਬਾਬਾ ਭਾਈ ਬਹਿਲੋ ਸਭ ਤੋਂ ਪਹਿਲੋ ਦਾ ਧਾਰਮਿਕ ਅਸਥਾਨ ਗੁਰਦੁਆਰਾ ਸਾਹਿਬ ਮੌਜੂਦ ਹੈ। ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ।
ਮਾਨਸਾ ਦੇ ਇਸ ਪਿੰਡ ’ਚ ਹੈ ਬਾਬਾ ਭਾਈ ਬਹਿਲੋ ਸਭ ਤੋਂ ਪਹਿਲੋਂ ਦੀ ਯਾਦ ਇਹ ਹੈ ਇਤਿਹਾਸ
ਭਾਈ ਬਹਿਲੋ ਜੀ ਦਾ ਜਨਮ ਸਮੰਤ 1610 ਬਿਕਰਮੀ 1553 ਈਸਵੀਂ ਨੂੰ ਪਿੰਡ ਫਫੜੇ ਭਾਈ ਕੇ ਵਿਖੇ ਅਲਦਿੱਤ ਚੌਧਰੀ ਦੇ ਘਰ ਮਾਤਾ ਗਾਗ ਦੀ ਕੁੱਖੋਂ ਹੋਇਆ ਤਕਰੀਬਨ 30 ਸਾਲ ਇਸ ਨਗਰੀ ਵਿੱਚ ਰਹੇ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤਸਰ ਜਾ ਕੇ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਸੇਵਾ ਕੀਤੀ। ਜਿਸ ਤੋਂ ਖੁਸ਼ ਹੋ ਕੇ ਗੁਰੂ ਅਰਜਨ ਦੇਵ ਜੀ ਨੇ ਭਾਈ ਬਹਿਲੋ ਨੂੰ ਗਲਵੱਕੜੀ ਵਿੱਚ ਲੈ ਕੇ ਭਾਈ ਬਹਿਲੋ ਤੂੰ ਸਭ ਤੋਂ ਪਹਿਲੋ ਦੇ ਨਾਂ ਨਾਲ ਨਿਵਾਜਿਆ। ਭਾਈ ਬਹਿਲੋ ਜੀ 1595 ਵਿਚ ਵਾਪਿਸ ਆਪਣੇ ਨਗਰ ਵਿੱਚ ਆਏ ਇੱਥੇ ਆ ਕੇ ਉਨ੍ਹਾਂ ਗੁਰਮਤਿ ਲਹਿਰ ਨੂੰ ਜਾਰੀ ਰੱਖਿਆ ਅਤੇ ਗੁਰੂ ਘਰ ਦੀ ਮਰਿਆਦਾ ਨੂੰ ਲੋਕਾਂ ਤੱਕ ਪਹੁੰਚਾਇਆ।
ਭਾਈ ਬਹਿਲੋ ਜੀ ਦੀ ਯਾਦ ਲਗਦਾ ਹੈ ਸਾਲਾਨਾ ਮੇਲਾ
ਭਾਈ ਬਹਿਲੋ ਜੀ ਦੀ ਯਾਦ ਵਿੱਚ ਅੱਸੂ ( ਸਤੰਬਰ ਮਹੀਨੇ ) ਨੂੰ ਇਸ ਥਾਂ ’ਤੇ ਭਾਰੀ ਮੇਲਾ ਲੱਗਦਾ ਹੈ। ਜਿੱਥੇ ਲੋਕ ਦੂਰ ਦੂਰ ਤੋਂ ਆਉਂਦੇ ਹਨ ਅਤੇ ਗੁਰਦੁਆਰੇ ਵਿਖੇ ਨਤਮਸਤਕ ਹੁੰਦੇ ਹਨ। ਸ਼ਰਧਾਲੂ ਆਪਣੀਆਂ ਮੰਗੀਆਂ ਮੁਰਾਦਾਂ ਨੂੰ ਪੂਰਾ ਹੋਣ ਤੋਂ ਬਾਅਧ ਸ਼ਰਧਾਲੂ ਇੱਥੇ ਨਤਮਸਤਕ ਹੁੰਦੇ ਹਨ। ਇਸ ਥਾਂ ’ਤੇ ਦੇਸ਼ਾਂ ਵਿਦੇਸ਼ਾਂ ਵਿਚੋਂ ਸੰਗਤਾਂ ਪਹੁੰਚਦੀਆਂ ਹਨ।
ਇਹ ਵੀ ਪੜੋ: ਅੰਮ੍ਰਿਤਸਰ 'ਚ ਸਰਕਾਰ ਦੀਆਂ ਹਦਾਇਤਾਂ ਦੇ ਚੱਲਦਿਆਂ ਸੰਪੂਰਨ ਤਾਲਾਬੰਦੀ
ਬਾਬਾ ਭਾਈ ਬਹਿਲੋ ਗੁਰੂਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਜਗ੍ਹਾ ਤੇ ਬੇ ਔਲਾਦ ਜੋੜੇ ਵੀ ਨਤਮਸਤਕ ਹੁੰਦੇ ਹਨ ਅਤੇ ਜਦੋਂ ਬੱਚੇ ਕੋਈ ਘਰ ਵਿਚ ਜਨਮ ਲੈਂਦਾ ਹੈ ਤਾਂ ਉਹ ਪਰਿਵਾਰ ਇੱਥੇ ਨਿੰਮ ਬੰਨ੍ਹ ਕੇ ਜਾਂਦਾ ਹੈ। ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਪਵਿੱਤਰ ਸਥਾਨ ਹੈ ਅਤੇ ਇਸ ਥਾਂ ’ਤੇ ਦੇਸ਼ਾਂ ਵਿਦੇਸ਼ਾਂ ਚੋਂ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਆਪਣੇ ਮਨ ਦੀ ਮੁਰਾਦ ਪੂਰੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਬਾਬਾ ਭਾਈ ਬਹਿਲੋ ਜੀ ਦੇ ਇਸ ਸਥਾਨ ’ਤੇ ਅਤੇ ਉਨ੍ਹਾਂ ਦੇ ਨਾਂ ਤੇ ਅਕਾਦਮੀ ਸਕੂਲ ਅਤੇ ਹੋਰ ਕਈ ਧਾਰਮਿਕ ਸੰਸਥਾਵਾਂ ਮੌਜੂਦ ਹਨ।