ਮਾਨਸਾ: ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਤੇ ਕੌਮੀ ਜਮਹੂਰੀ ਗਠਜੋੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਖ ਹੋਣ ਤੋਂ ਬਾਅਦ ਪਹਿਲੀ ਵਾਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਮਾਨਸਾ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਪਾਰਟੀ ਆਗੂਆਂ ਅਤੇ ਕਾਰਕੁੰਨਾਂ ਦੇ ਨਾਲ ਦੀ ਮੀਟਿੰਗ ਕੀਤੀ।
ਬੀਬੀ ਬਾਦਲ ਦਾ ਦਿੱਲੀ ਦੀਆਂ ਕੰਧਾਂ ਹਿਲਾਉਣ ਦਾ ਐਲਾਨ! ਮੀਟਿੰਗ ਤੋਂ ਬਾਅਦ ਮੀਡੀਆ ਦੇ ਮੁਖ਼ਾਤਬ ਹੁੰਦੇ ਹੋਏ ਬੀਬੀ ਬਾਦਲ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਵਿਰੁੱਧ ਅਕਾਲੀ ਦਲ 1 ਅਕਤੂਬਰ ਨੂੰ ਚੰਡੀਗੜ੍ਹ 'ਚ ਵਿਸ਼ਾਲ ਪ੍ਰਦਰਸ਼ਨ ਕਰੇਗਾ। ਉਨ੍ਹਾਂ ਕਿਹਾ 1 ਅਕਤੂਬਰ ਨੂੰ ਅਕਾਲੀ ਦਲ ਪੰਜਾਬ ਦੇ ਰਾਜਪਾਲ ਰਾਹੀਂ ਕੇਂਦਰ ਸਰਕਾਰ ਨੂੰ ਇਹ ਸੁਨੇਹਾ ਦੇਵੇਗਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਨਹੀਂ ਤਾਂ ੳੇੁਹ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕਿਸਾਨਾਂ ਨੂੰ ਵਿਧਾਨ ਸਭਾ ਸੈਸ਼ਨ ਸੱਦ ਕੇ ਤਿੰਨਾਂ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ-2020 ਨੂੰ ਰੱਦ ਕਰਣ ਸਬੰਧੀ ਦਿੱਤੇ ਭਰੋਸੇ 'ਤੇ ਬੀਬੀ ਬਾਦਲ ਨੇ ਕਿਹਾ ਕਿ ਜੇਕਰ ਕੈਪਟਨ ਸਾਬ੍ਹ ਨੇ ਜੁਲਾਈ 2019 ਵਿੱਚ ਇਸ ਮਾਮਲੇ ਸਬੰਧੀ ਠੀਕ ਢੰਗ ਨਾਲ ਕੋਸ਼ਿਸ਼ ਕੀਤੀ ਹੁੰਦੀ ਤਾਂ ਅੱਜ ਲੋਕਾਂ ਨੂੰ ਸੰਘਰਸ਼ ਕਰਨ ਦੀ ਲੋੜ ਨਾ ਪੈਂਦੀ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਾਬ੍ਹ ਨੇ ਤਿੰਨ ਤਿੰਨ ਮੀਟਿੰਗਾਂ ਵਿੱਚ ਸਹਿਮਤੀ ਦਿੱਤੀ ਅਤੇ ਪੰਜਾਬ ਵਿੱਚ ਇਸ ਨੂੰ ਲਾਗੂ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਜੇਕਰ ਸ਼੍ਰੋਮਣੀ ਅਕਾਲੀ ਦਲ ਰਾਸ਼ਟਰਪਤੀ ਦੇ ਕੋਲ ਜਾ ਸਕਦਾ ਹੈ ਤਾਂ ਕੈਪਟਨ ਸਾਬ੍ਹ ਆਪਣੇ ਫ਼ਾਰਮ ਹਾਊਸ 'ਚੋਂ ਕਿਉਂ ਨਹੀਂ ਨਿਕਲ ਸਕਦੇ।
ਬੀਬੀ ਬਾਦਲ ਭਾਂਵੇ ਕਿੰਨੇ ਹੀ ਸਵਾਲ ਕੈਪਟਨ ਸਰਕਾਰ ਜਾਂ ਕਾਂਗਰਸ 'ਤੇ ਚੁੱਕ ਲੈਣ ਪਰ ਹਾਲ ਦੀ ਘੜੀ ਅਕਾਲੀ ਦਲ ਲਈ ਕਸੂਤੀ ਸਾਬਤ ਹੋ ਰਹੀ ਹੈ। ਕਿਸਾਨ ਅਕਾਲੀ ਦਲ ਦੀ ਅਗਵਾਈ ਕਬੂਲ ਕੇ ਸੰਘਰਸ਼ ਕਰਨ ਦੀ ਬਜਾਏ ਮੁੱਖ ਮੰਤਰੀ ਨਾਲ ਤਾਲਮੇਲ ਨੂੰ ਵੱਧ ਤਰਜ਼ੀਹ ਦੇ ਰਹੇ ਹਨ। ਅਕਾਲੀ ਦਲ ਕਿਸਾਨ ਜਥੇਬੰਦੀਆਂ ਦੀਆਂ ਮਿੰਨਤਾਂ ਤੱਕ ਕਰ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਅਕਾਲੀ ਦਲ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਬੂਲਣ ਲਈ ਤਿਆਰ ਹੈ।
ਬੀਬੀ ਬਾਦਲ ਭਾਂਵੇ ਮੁੱਖ ਮੰਤਰੀ 'ਤੇ ਸਹੀ ਪੈਰਵਾਈ ਕਰਨ ਦੇ ਇਲਜ਼ਾਮ ਲਗਾਉਣ ਪਰ ਉਹ ਵੀ ਇਸ ਮਾਮਲੇ ਵਿੱਚ ਕਿਸੇ ਪੱਖੋਂ ਨਹੀਂ ਬਚ ਸਕਦੇ ਕਿਉਂਕਿ ਖੇਤੀ ਆਰਡੀਨੈਂਸ ਆਉਣ ਦੇ ਸਮੇਂ ਤੋਂ ਲੈ ਕੇ ਬਿੱਲ ਸੰਸਦ ਵਿੱਚ ਆਉਣ ਤੱਕ ਉਹ ਉਸ ਸਰਕਾਰ ਦਾ ਹਿੱਸਾ ਸਨ। ਅੱਜ ਉਨ੍ਹਾਂ ਦਾ ਸਿਰਫ ਕੈਪਟਨ ਸਰਕਾਰ ਨੂੰ ਕਟਿਹਰੇ ਵਿੱਚ ਖੜ੍ਹਾ ਕਰਨਾ ਕੀ ਸੱਚਮੁੱਚ ਨੈਤਿਕਤਾ ਹੈ?