ਮਾਨਸਾ: 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਹਤਿਆਰਿਆਂ ਵੱਲੋਂ ਗੋਲੀਆਂ ਮਾਰਕੇ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਉਹਨਾਂ ਦੀ ਪਹਿਲੀ ਬਰਸੀ 19 ਮਾਰਚ ਨੂੰ ਅਨਾਜ ਮੰਡੀ ਵਿੱਚ ਮਨਾਈ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਲਈ ਵੱਖ-ਵੱਖ ਪਿੰਡਾਂ ਦੇ ਪੰਚਾਂ, ਸਰਪੰਚਾਂ, ਕੌਂਸਲਰਾਂ ਅਤੇ ਕਲੱਬਾਂ ਦੇ ਮੈਂਬਰਾਂ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੀਟਿੰਗ ਕੀਤੀ ਅਤੇ ਬਰਸੀਂ ਵਾਲੇ ਦਿਨ ਹੋਣ ਵਾਲੇ ਪ੍ਰੋਗਰਾਮ ਬਾਰੇ ਵਿਚਾਰ ਚਰਚਾ ਕੀਤੀ।
ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਲੜਾਈ ਜਾਰੀ ਰਹੇਗੀ:- ਇਸ ਦੌਰਾਨ ਹੀ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਵੱਲੋਂ ਵਿਧਾਨ ਸਭਾ ਬਾਹਰ ਦਿੱਤੇ ਧਰਨੇ ਤੋਂ ਬਾਅਦ ਮੰਤਰੀਆਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਦੀ ਨਿੰਦਾ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਲੜਾਈ ਜਾਰੀ ਰਹੇਗੀ। ਇਸ ਦੌਰਾਨ ਬਰਸੀ ਦੇ ਪ੍ਰੋਗਰਾਮ ਬਾਰੇ ਬੋਲਦਿਆਂ ਸੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਤਾਂ ਸਿੱਧੂ ਮੂਸੇਵਾਲਾ ਦਾ ਸਿਰਫ ਦੁਨੀਆਵੀ ਪਿਓ ਹਾਂ। ਉਨ੍ਹਾਂ ਕਿਹਾ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਵੱਡਾ ਸਮਾਗਮ ਹੁੰਦਾ ਹੈ ਤਾਂ ਸਾਰੀਆਂ ਵਿਉਂਤਬੰਦੀਆਂ ਫੇਲ੍ਹ ਹੋ ਜਾਂਦੀਆਂ ਹਨ, ਪਰ ਅਕਾਲ ਪੁਰਖੁ ਖੁਦ ਬਰਸਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਪਰਮਾਤਮਾ ਦੀ ਕਿਰਪਾ ਨਾਲ ਪਹਿਲਾਂ ਵਾਂਗ ਹੁਣ ਵੀ ਸਭ ਕੁੱਝ ਵਧੀਆ ਹੋਵੇਗਾ।
ਸਰਕਾਰਾਂ ਵੱਲੋਂ ਨਿਭਾਏ ਰੋਲ ਦਾ ਧੰਨਵਾਦ :-ਇਸ ਦੌਰਾਨ ਹੀ ਸਿੱਧੂ ਮੂਸੇਵਾਲਾ ਦੇ ਇਨਸਾਫ਼ ਨੂੰ ਲੈ ਕੇ ਬੋਲਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਪਹਿਲਾਂ ਅਸੀਂ ਚੁੱਪ ਸੀ, ਪਰ ਹੁਣ ਸਰਕਾਰਾਂ ਵੱਲੋਂ ਨਿਭਾਏ ਰੋਲ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਅਤੇ ਸਰਕਾਰ ਦੀ ਨੀਅਤ ਦਾ ਵੀ ਪਤਾ ਲੱਗਿਆ ਹੈ। ਵਿਧਾਨ ਸਭਾ ਅੱਗੇ ਦਿੱਤੇ ਧਰਨੇ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਦਿੱਤੇ ਗਏ ਬਿਆਨਾਂ ਉੱਤੇ ਬਲਕੌਰ ਸਿੰਘ ਨੇ ਕਿਹਾ ਕਿ ਅਮਨ ਅਰੋੜਾ ਇੱਕ ਜਿੰਮੇਵਾਰ ਮੰਤਰੀ ਹਨ ਅਤੇ ਉਨ੍ਹਾਂ ਦਾ ਇਹ ਕਹਿਣਾ ਕਿ ਸਿੱਧੂ ਮੂਸੇਵਾਲਾ ਆਪਣੀਆਂ ਗਲਤੀਆਂ ਕਰਕੇ ਮਰਿਆ ਹੈ, ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਗਲਤੀ ਕੀਤੀ ਹੈ ਤਾਂ ਅਸੀਂ ਆਪਣਾ ਪੁੱਤ ਗਵਾ ਲਿਆ ਹੈ ਅਤੇ ਸਾਨੂੰ ਉਸ ਦੀ ਸਜ਼ਾ ਮਿਲ ਗਈ ਹੈ।