ਮਾਨਸਾ: ਰਜਵਾਹੇ ਦੇ ਵਿੱਚ ਦਰਾੜ ਪੈਣ ਕਾਰਨ ਮਾਖਾ ਪਿੰਡ ਦੇ ਕਿਸਾਨਾਂ ਉੱਤੇ ਆਫ਼ਤ ਆਈ ਹੈ, ਕਿਸਾਨਾਂ ਦੀ ਸੈਕੜੇ ਏਕੜ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ ਹੈ। ਕਿਸਾਨਾਂ ਨੇ ਕਿਹਾ ਕਿ ਅਜੇ ਤੱਕ ਵਿਭਾਗ ਦਾ ਕੋਈ ਵੀ ਅਧਿਕਾਰੀ ਰਜਵਾਹੇ ਨੂੰ ਬੰਦ ਕਰਵਾਉਣ ਦੇ ਲਈ ਨਹੀ ਪਹੁੰਚਿਆ ਅਤੇ ਕਿਸਾਨ ਖੁਦ ਹੀ ਰਜਬਾਹੇ ਨੂੰ ਬੰਦ ਕਰਨ ਵਿੱਚ ਲੱਗੇ ਹੋਏ ਹਨ ਤਾਂ ਕਿ ਫ਼ਸਲਾ ਬਚਾਈਆਂ ਜਾ ਸਕਣ। ਕਿਸਾਨਾਂ ਨੇ ਕਿਹਾ ਕਿ ਹਰ ਬਾਰ ਜਦੋ ਕਿਸਾਨਾਂ ਦੀ ਫ਼ਸਲ ਪੱਕਣ ਉੱਤੇ ਹੁੰਦੀ ਹੈ ਤਾਂ ਰਜਵਾਹਾ ਟੁੱਟ ਜਾਦਾ ਹੈ ਅਤੇ ਕਿਸਾਨਾਂ ਨੂੰ ਬਰਬਾਦ ਕਰ ਜਾਦਾ ਹੈ।
ਵੀਹ ਏਕੜ ਫਸਲ ਵਿੱਚ ਭਰਿਆ ਪਾਣੀ:ਕਿਸਾਨ ਬਲਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਵੀਹ ਏਕੜ ਦੇ ਵਿੱਚ ਕਣਕ ਦੀ ਬਿਜਾਈ ਕੀਤੀ ਹੈ ਅਤੇ ਅੱਜ ਸਾਰੀ ਫ਼ਸਲ ਪਾਣੀ ਵਿੱਚ ਡੁੱਬ ਗਈ। ਕਿਸਾਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਮਰਨ ਤੋ ਸਿਵਾਏ ਕੋਈ ਹੱਲ ਨਹੀਂ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਤਰੁੰਤ ਰਜਵਾਹੇ ਵਿੱਚੋਂ ਪਾਣੀ ਬੰਦ ਕਰਵਾਇਆ ਜਾਵੇ ਅਤੇ ਕਿਸਾਨਾਂ ਦੀ ਖਰਾਬ ਹੋਈ ਫ਼ਸਲ ਦੀ ਗਿਰਦਾਵਰੀ ਕਰਵਾਕੇ ਮੁਆਵਜ਼ ਦਿੱਤਾ ਜਾਵੇ। ਉਧਰ ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਵੀ ਕਿਹਾ ਹੈ ਕੇ ਰਜਵਾਹੇ ਦੇ ਵਿੱਚ ਹਰ ਵਾਰ ਜਦੋਂ ਕਿਸਾਨਾਂ ਦੀ ਫਸਲ ਪੱਕੀ ਹੁੰਦੀ ਹੈ ਤਾਂ ਰਜਵਾਹਾ ਟੁੱਟਣ ਕਾਰਨ ਫ਼ਸਲ ਉੱਤੇ ਪਾਣੀ ਫਿਰ ਜਾਂਦਾ ਹੈ ਅਤੇ ਸਰਕਾਰ ਅੱਗੇ ਕਈ ਵਾਰ ਰਜਵਾਹੇ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ।