ਮਾਨਸਾ: ਜੰਮੂ-ਕਸ਼ਮੀਰ ਦੇ ਹੰਦਵਾੜਾ ਵਿੱਚ ਤਾਇਨਾਤ ਬੀਐਸਐਫ ਜਵਾਨ ਰਾਜੇਸ਼ ਕੁਮਾਰ ਅੱਤਵਾਦੀਆਂ ਨਾਲ ਲੋਹਾ ਲੈਂਦਿਆ ਸ਼ਹਾਦਤ ਦਾ ਜਾਮ ਪੀ ਗਿਆ, ਜਿਸ ਦੀ ਮ੍ਰਿਤਕ ਦੇਹ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਰਾਜਰਾਣਾ ਵਿਖੇ ਲਿਆਂਦਾ ਗਿਆ, ਜਿੱਥੇ ਪਿੰਡ ਵਾਸੀਆਂ ਵੱਲੋਂ ਭਾਰਤ ਮਾਤਾ ਦੀ ਜੈ ਅਤੇ ਰਾਜੇਸ਼ ਕੁਮਾਰ ਅਮਰ ਰਹੇ ਦੇ ਨਾਅਰੇ ਲਗਾਏ ਗਏ, ਜਿਸ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਨੂੰ 21 ਆਰ ਆਰ ਦੀ ਟੁੱਕੜੀ ਵੱਲੋਂ ਸਲਾਮੀ ਕੀਤੀ ਗਈ ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।
ਸ਼ਹੀਦ ਰਾਜੇਸ਼ ਕੁਮਾਰ ਦੇ ਅੰਤਿਮ ਸਸਕਾਰ ਵਿੱਚ ਜਿੱਥੇ ਵੱਖ-ਵੱਖ ਰਾਜਨੀਤਕ ਪਾਰਟੀਆਂ ਸਮਾਜ ਸੇਵੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ਼ਾਮਿਲ ਹੋਇਆ, ਉੱਥੇ ਹੀ ਸ਼ਹੀਦ ਰਾਜੇਸ਼ ਕੁਮਾਰ ਦੀ ਮ੍ਰਿਤਕ ਦੇਹ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਵੱਲੋਂ ਕੋਠਿਆਂ 'ਤੇ ਚੜ੍ਹ ਕੇ ਉਨ੍ਹਾਂ ਦੀ ਮ੍ਰਿਤਕ ਦੇਹ 'ਤੇ ਫੁੱਲਾਂ ਦੀ ਬਰਖਾ ਕੀਤੀ ਗਈ, ਉੱਥੇ ਹੀ ਸ਼ਹੀਦ ਰਾਜੇਸ਼ ਕੁਮਾਰ ਅਮਰ ਰਹੇ ਅਤੇ ਭਾਰਤ ਮਾਤਾ ਦੇ ਜੈਕਾਰੇ ਲਗਾਏ ਗਏ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ, ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਤਿੰਨ ਸੈਨਿਕ ਕਰਨਲ ਅਤੇ ਮੇਜਰ ਜੰਮੂ ਦੇ ਹੰਦਵਾੜਾ 'ਚ ਸ਼ਹੀਦ ਹੋ ਗਏ, ਜਿਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕਰਨ ਦੇ ਲਈ ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਜਰਾਣਾ 'ਚੋਂ ਪਹੁੰਚੇ ਹਨ ਤਾਂ ਕਿ ਸਾਡੇ ਸ਼ਹੀਦਾਂ ਦਾ ਸਨਮਾਨ ਬਰਕਰਾਰ ਰਹੇ।
ਉੱਥੇ ਹੀ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਅਤੇ ਐੱਸਐੱਸਪੀ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਹੋਏ ਰਾਜੇਸ਼ ਕੁਮਾਰ ਦੀ ਸ਼ਹਾਦਤ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਅਤੇ 10 ਲੱਖ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਤਰਫ਼ੋਂ ਸ਼ਹੀਦ ਰਾਜੇਸ਼ ਕੁਮਾਰ ਨੂੰ ਸਲਾਮ ਕਰਨ ਦੇ ਲਈ ਪਹੁੰਚੇ ਹਨ।
ਸ਼ਹੀਦ ਰਾਜੇਸ਼ ਕੁਮਾਰ ਦੇ ਭਰਾ ਦੇਵੀ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਭਰਾ ਦੀ ਸ਼ਹਾਦਤ 'ਤੇ ਮਾਣ ਹੈ ਕਿ ਉਨ੍ਹਾਂ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚੋਂ ਅੱਤਵਾਦੀਆਂ ਦਾ ਖਾਤਮਾ ਕਰਨਾ ਬਹੁਤ ਜਰੂਰੀ ਹੈ ਜੋ ਦਿਨੋਂ-ਦਿਨ ਦੇਸ਼ ਨੂੰ ਖੋਖਲਾ ਕਰ ਰਹੇ ਹਨ।