Asian Games: ਸੁਖਮੀਤ ਨੇ ਏਸ਼ੀਆਈ ਖੇਡਾਂ 'ਚ ਜਿੱਤਿਆ ਮੈਡਲ ਪਰ ਪ੍ਰਸ਼ਾਸਨ ਅਤੇ ਵਿਧਾਇਕਾਂ ਕੋਲ ਸੁਖਮੀਤ ਦਾ ਸਵਾਗਤ ਕਰਨ ਲਈ ਨਹੀਂ ਸਮਾਂ! ਮਾਨਸਾ: ਇੱਕ ਵਾਰ ਫਿਰ ਮਾਨਸਾ ਜ਼ਿਲ੍ਹੇ ਦਾ ਨਾਮ ਦੁਨੀਆ 'ਚ ਛਾਅ ਗਿਆ ਹੈ। ਮਾਨਸਾ ਦੇ ਨੌਜਵਾਨ ਸੂਬੇਦਾਰ ਸੁਖਮੀਤ ਸਿੰਘ ਸਮਾਘ ਨੇ ਚੀਨ ਦੇ ਹਾਂਗਜੂ ਵਿਖੇ ਹੋਈਆਂ 19 ਵੀਂ ਏਸ਼ੀਆਈ ਖੇਡਾਂ (Asian Games)'ਚ ਰੋਇੰਗ ਚੋਂ ਬ੍ਰਾਊਨ ਮੈਡਲ ਜਿੱਤਿਆ ਹੈ। ਜਿੱਤ ਤੋਂ ਬਾਅਦ ਘਰ ਪਰਤੇ ਸੂਬੇਦਾਰ ਸੁਖਮੀਤ ਸਿੰਘ ਸਮਾਘ ਦਾ ਜ਼ਿਲ੍ਹਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਸਖੁਮੀਤ ਦੀ ਜਿੱਤ ਤੋਂ ਬਾਅਦ ਘਰ, ਮੁਹੱਲੇ ਅਤੇ ਸ਼ਹਿਰ 'ਚ ਖੁਸ਼ੀ ਦਾ ਮਾਹੌਲ ਹੈ। ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕ ਸੁਖਮੀਤ ਸਿੰਘ ਸਮਾਘ ਨੇ ਕਿਹਾ ਕਿ ਮੈਂ 2018 ਦੇ ਵਿੱਚ ਵੀ ਗੋਲਡ ਮੈਡਲ ਜਿੱਤ ਕੇ ਲੈ ਕੇ ਆਇਆ ਸੀ ਅਤੇ ਇਸ ਵਾਰ ਫਿਰ ਬਰਾਊਨ ਮੈਡਲ ਜਿੱਤ ਕੇ ਆਪਣੇ ਮਾਨਸਾ ਜ਼ਿਲ੍ਹੇ (Asian Games 2023) ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ 2018 ਦੇ ਵਿੱਚ ਵੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਵਧੀਆ ਪਲੇਟਫਾਰਮ ਦਿੱਤੇ ਜਾਣ ਅਤੇ ਅੱਜ ਵੀ ਇਹੀ ਅਪੀਲ ਕਰਦਾ ਹਾਂ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਵਧੀਆ ਗਰਾਊਂਡ ਅਤੇ ਜਿੰਮ ਦਾ ਪ੍ਰਬੰਧ ਕੀਤਾ ਜਾਵੇ, ਤਾਂ ਕਿ ਪਿੰਡਾਂ ਦੇ ਵਿੱਚੋਂ ਨੌਜਵਾਨ ਉੱਠ ਕੇ ਖੇਡਾਂ ਦੇ ਨਾਲ ਜੁੜਨ ਅਤੇ ਆਪਣੇ ਦੇਸ਼ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ।
ਪਿਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ: ਅਮਰੀਕ ਸਿੰਘ ਨੂੰ ਆਪਣੇ ਪੁੱਤਰ ਸੂਬੇਦਾਰ ਸੁਖਮੀਤ ਸਿੰਘ ਸਮਾਘ 'ਤੇ ਬਹੁਤ ਮਾਣ ਹੈ। ਉਨ੍ਹਾਂ ਆਖਿਆ ਕਿ ਸਾਨੂੰ ਆਪਣੇ ਪੁੱਤਰ ਦੀ ਇਸ ਉਪਲਬਧੀ ਉੱਤੇ ਬਹੁਤ ਜਿਆਦਾ ਮਾਣ ਹੈ । ਸੁਖਮੀਤ ਨੇ 2018 ਵਿੱਚ ਵੀ ਸਾਡੇ ਜ਼ਿਲ੍ਹੇ ਦਾ ਨਾਮ ਦੁਨੀਆਂ ਭਰ ਵਿੱਚ ਰੌਸ਼ਨ ਕੀਤਾ ਸੀ ਅਤੇ ਅੱਜ ਫਿਰ ਉਸਨੇ ਮੈਡਲ ਜਿੱਤ ਕੇ ਸਾਡਾ ਨਾਮ ਰੌਸ਼ਨ ਕੀਤਾ ਹੈ । ਪੁੱਤਰ ਦੀ ਕਾਮਯਾਬੀ 'ਤੇ ਹਰ ਕੋਈ ਵਧਾਈਆਂ ਦੇ ਰਿਹਾ ਹੈ। (Asian Games)
ਵਿਧਾਇਕ ਅਤੇ ਪ੍ਰਸਾਸ਼ਨ ਨਾਲ ਨਰਾਜ਼ਗੀ:ਸੁਖਮੀਤ ਦਾ ਜਿੱਥੇ ਪਿੰਡ ਅਤੇ ਜ਼ਿਲ੍ਹਾ ਵਾਸੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਉੱਥੇ ਹੀ ਸੁਖਮੀਤ ਦੀ ਇਸ ਕਾਮਯਾਬੀ ਦੀ ਖੁਸ਼ੀ ਸ਼ਾਮਿਲ ਹੋਣ ਲਈ ਨਾ ਤਾਂ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਅਤੇ ਨਾ ਹੀ ਕੋਈ ਵਿਧਾਇਕ ਤੇ ਮੰਤਰੀ। ਸੁਖਮੀਤ ਦੇ ਸਵਾਗਤ ਲਈ ਕੋਈ ਜ਼ਿਲ੍ਹਾ ਪ੍ਰਸ਼ਾਸਨ ਜਾਂ ਵਿਧਾਇਕ ਦੇ ਨਾਂ ਆਉਣ 'ਤੇ ਅਮਰੀਕ ਸਿੰਘ ਨੇ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦਾ ਫਰਜ਼ ਬਣਦਾ ਸੀ ਕਿ ਉਹ ਸੁਖਮੀਤ ਦੇ ਸਵਾਗਤ ਲਈ ਆਉਂਦਾ ਅਤੇ ਹੋਰ ਵੀ ਬੱਚਿਆਂ ਨੂੰ ਅਜਿਹੇ ਸਮੇਂ 'ਤੇ ਲੈ ਕੇ ਆਉਂਦੇ ਤਾਂ ਕਿ ਉਹਨਾਂ ਨੂੰ ਵੀ ਖੇਡਾਂ ਵਿੱਚ ਅੱਗੇ ਵੱਧਣ ਦੀ ਚੇਟਕ ਲੱਗਦੀ। (Asian Games)
ਪ੍ਰਸ਼ਾਸਨ ਨੇ ਨਹੀਂ ਨਿਭਾਇਆ ਆਪਣਾ ਫ਼ਰਜ਼:ਸੂਬੇਦਾਰ ਸੁਖਮੀਤ ਸਿੰਘ ਦੇ ਸਵਾਗਤ ਲਈ ਪਹੁੰਚੇ ਯੂਥ ਆਗੂ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਇਨ੍ਹਾਂ ਖਿਡਾਰੀਆਂ ਨੇ ਸਾਡੇ ਮਾਨਸਾ ਜ਼ਿਲ੍ਹੇ ਦਾ ਨਾਮ ਦੁਨੀਆ ਭਰ 'ਚ ਰੌਸ਼ਨ ਕੀਤਾ ਹੈ ਅਤੇ ਹੋਰ ਵੀ ਨੌਜਵਾਨਾਂ ਨੂੰ ਅਜਿਹੇ ਖਿਡਾਰੀਆਂ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਦੇ ਨਾਲ ਜੁੜਨ ਅਤੇ ਆਪਣੇ ਮਾਤਾ ਪਿਤਾ, ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਦੇ ਨਾ ਪਹੁੰਚਣ 'ਤੇ ਉਹਨਾਂ ਕਿਹਾ ਕਿ ਅਜਿਹੇ ਸਮੇਂ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਉਹ ਸਾਡੇ ਦੇਸ਼ ਦੇ ਲਈ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਕਰਨ ਕਰਨ ਤਾਂ ਜੋ ਉਨ੍ਹਾਂ ਦਾ ਹੋਰ ਹੌਂਸਲਾ ਵਧੇ ਅਤੇ ਅੱਗੇ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ। ਇਸ ਮੌਕੇ ਸੁਖਮੀਤ ਸਿੰਘ ਦੇ ਅਧਿਆਪਕ ਨੇ ਵੀ ਆਪਣੇ ਵਿਿਦਆਰਥੀ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਨਾਂ ਦਾ ਪੜਾਇਆ ਹੋਇਆ ਵਿਦਿਆਰਥੀ ਅੱਜ ਦੁਨੀਆ ਭਰ ਦੇ ਵਿੱਚ ਨਾਮ ਰੌਸ਼ਨ ਕਰ ਰਿਹਾ ਹੈ ਅਤੇ 2018 ਦੇ ਵਿੱਚ ਵੀ ਉਸਨੇ ਗੋਲਡ ਮੈਡਲ ਜਿੱਤਿਆ ਸੀ ਅਤੇ ਇਸ ਵਾਰ ਫਿਰ ਸਾਡਾ ਹੀ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। (Asian Games)