ਮਾਨਸਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਕਸਬਾ ਬੁਢਲਾਡਾ ਵਿਖੇ ਰੇਲਵੇ ਲਾਈਨਾਂ 'ਤੇ ਧਰਨੇ ਦੌਰਾਨ ਬਜ਼ੁਰਗ ਔਰਤ ਦੀ ਮੌਤ ਨੂੰ ਲੈ ਕੇ ਇਨਸਾਫ਼ ਦੀ ਮੰਗ ਕਰਦਿਆਂ ਕਿਸਾਨ ਜਥੇਬੰਦੀਆਂ ਨੇ ਮੰਗਲਵਾਰ ਮੁੜ ਡੀਸੀ ਮਾਨਸਾ ਦੀ ਕੋਠੀ ਦਾ ਘਿਰਾਉ ਕੀਤਾ।
ਧਰਨੇ ਦੌਰਾਨ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ 9 ਅਕਤੂਬਰ ਨੂੰ ਪਿੰਡ ਬਰ੍ਹੇ ਦੀ 80 ਸਾਲਾ ਬਜ਼ੁਰਗ ਔਰਤ ਤੇਜ਼ ਕੌਰ ਦੀ ਮੌਤ ਹੋ ਗਈ ਸੀ, ਜਿਸ ਦੀ ਦੇਹ ਅਜੇ ਵੀ ਸਿਵਲ ਹਸਪਤਾਲ ਬੁਢਲਾਡਾ ਵਿਖੇ ਪਈ ਹੈ। ਉਸ ਸਮੇਂ ਤੋਂ ਹੀ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰਦਿਆਂ 10 ਲੱਖ ਰੁਪਏ ਮੁਆਵਜ਼ਾ, ਸਰਕਾਰੀ ਨੌਕਰੀ ਅਤੇ ਜਿਹੜਾ 24 ਲੱਖ ਰੁਪਏ ਪਰਿਵਾਰ ਸਿਰ ਕਰਜ਼ਾ ਹੈ, ਮਾਫੀ ਦੀ ਮੰਗ ਕਰ ਰਹੇ ਹਨ।