ਪੰਜਾਬ

punjab

ETV Bharat / state

ਰਾਹਤ ਕੈਪਾਂ ਵਿੱਚ ਬੈਠੇ ਪਰਿਵਾਰਾਂ ਨੂੰ ਸਤਾਉਣ ਲੱਗੀ ਘਰਾਂ ਦੀ ਚਿੰਤਾ, ਪੀੜਤਾਂ ਨੇ ਲਾਈ ਮਦਦ ਦੀ ਗੁਹਾਰ - ਹੜ੍ਹ ਪੀੜਤ ਲੋਕਾਂ ਨੇ ਮਦਦ ਦੀ ਕੀਤੀ ਅਪੀਲ

ਮਾਨਸਾ ਜ਼ਿਲ੍ਹੇ ਵਿੱਚੋਂ ਲੰਘਣ ਵਾਲੇ ਘੱਗਰ ਦਰਿਆ ਵਿੱਚ ਜਿੱਥੇ ਪਾਣੀ ਦਾ ਪੱਧਰ ਘਟ ਗਿਆ ਹੈ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੈਂਪਾਂ ਦੇ ਵਿੱਚ ਬੈਠੇ ਪਰਿਵਾਰਾਂ ਨੂੰ ਹੁਣ ਆਪਣੇ ਘਰਾਂ ਦੀ ਚਿੰਤਾ ਸਤਾਉਣ ਲੱਗੀ ਹੈ। ਇਸ ਦੌਰਾਨ ਭਰੀਆਂ ਅੱਖਾਂ ਨਾਲ ਹੜ੍ਹ ਪੀੜਤਾਂ ਨੇ ਆਪਣਾ ਦਰਦ ਬਿਆਨ ਕੀਤਾ ਹੈ।

Flood victims' houses collapsed in Mansa
ਰਾਹਤ ਕੈਪਾਂ ਵਿੱਚ ਬੈਠੇ ਪਰਿਵਾਰਾਂ ਨੂੰ ਸਤਾਉਣ ਲੱਗੀ ਘਰਾਂ ਦੀ ਚਿੰਤਾ,ਪੀੜਤਾਂ ਨੇ ਲਾਈ ਮਦਦ ਦੀ ਗੁਹਾਰ

By

Published : Jul 24, 2023, 6:05 PM IST

ਹੜ੍ਹ ਪੀੜਤਾਂ ਨੇ ਲਾਈ ਗੁਹਾਰ

ਮਾਨਸਾ:ਜ਼ਿਲ੍ਹੇ ਵਿੱਚੋਂ ਲੰਘਣ ਵਾਲੇ ਘੱਗਰ ਨੇ ਕਸਬਾ ਬਰੇਟਾ ਅਤੇ ਸਰਦੂਲਗੜ੍ਹ ਦੇ ਵਿੱਚ ਤਬਾਹੀ ਕਰਦਿਆਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਅਤੇ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। ਬੇਘਰ ਹੋਏ ਲੋਕਾਂ ਨੂੰ ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕੈਂਪਾਂ ਵਿੱਚ ਆਸਰਾ ਮੁਹੱਈਆ ਗਿਆ ਹੈ ਅਤੇ ਘੱਗਰ ਦਾ ਪਾਣੀ ਵੀ ਘਟਣਾ ਸ਼ੁਰੂ ਹੋ ਗਿਆ ਹੈ ਪਰ ਹੁਣ ਰਾਹਤ ਕੈਂਪਾਂ ਵਿੱਚ ਬੈਠੇ ਬੇਘਰੇ ਲੋਕਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਮੁੜ ਤੋਂ ਉਹ ਆਪਣੇ ਘਰ ਕਿਸ ਤਰ੍ਹਾਂ ਬਣਾਉਣਗੇ। ਘੱਗਰ ਤੋਂ ਪੀੜਤ ਇੰਨਾ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਲੰਬਾ ਸਮਾਂ ਮਿਹਨਤ-ਮਜ਼ਦੂਰੀ ਕਰਕੇ ਆਪਣੇ ਛੋਟੇ ਜਿਹੇ ਆਸ਼ੀਆਨੇ ਬਣਾਏ ਸਨ।

ਲੋਕਾਂ ਦੇ ਆਸ਼ੀਆਨੇ ਹੋਏ ਤਬਾਹ:ਹੜ੍ਹ ਪੀੜਤ ਮਹਿਲਵਾਂ ਦਾ ਕਹਿਣਾ ਹੈ ਕਿ ਘੱਗਰ ਨੇ ਉਨ੍ਹਾਂ ਦੇ ਸੁਪਨਿਆਂ ਅਤੇ ਘਰਾਂ ਉੱਤੇ ਪਾਣੀ ਫੇਰ ਦਿੱਤਾ ਹੈ। ਹੁਣ ਚਿੰਤਾ ਇਹ ਹੈ ਕਿ ਮੁੜ ਤੋਂ ਇਹ ਲੋਕ ਆਪਣੇ ਘਰਾਂ ਨੂੰ ਠੀਕ ਕਰ ਪਾਉਣਗੇ ਜਾਂ ਨਹੀਂ। ਇਹਨਾਂ ਲੋਕਾਂ ਦੀ ਟਿਕਟਿਕੀ ਹੁਣ ਸਰਕਾਰ ਦੀ ਮਦਦ ਉੱਤੇ ਟਿਕੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੀ ਮਦਦ ਨਾ ਕੀਤੀ ਤਾਂ ਮੁੜ ਤੋਂ ਜ਼ਿੰਦਗੀ ਨੂੰ ਪਟਰੀ ਉੱਤੇ ਲਿਆਉਣਾ ਮੁਸ਼ਕਿਲ ਹੋ ਜਾਵੇਗਾ। ਰਾਹਤ ਕੈਂਪਾਂ ਵਿੱਚ ਬੈਠੇ ਰਾਜਪ੍ਰੀਤ ਕੌਰ ਅਤੇ ਸੰਤੋਸ਼ ਕੌਰ ਨੇ ਆਪਣਾ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਆਪਣੇ ਰਹਿਣ ਦੇ ਲਈ ਛੱਤ ਸੀ ਜੋ ਪਾਣੀ ਨੇ ਬਰਬਾਦ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮਿਹਨਤ ਮਜ਼ਦੂਰੀ ਕਰਕੇ ਸਮਾਨ ਬਣਾਇਆ ਸੀ ਉਹ ਵੀ ਪਾਣੀ ਦੇ ਵਿੱਚ ਰੁੜ ਗਿਆ ਹੈ।

ਮਦਦ ਦੀ ਅਪੀਲ: ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਰਾਹਤ ਕੈਂਪਾਂ ਦਾ ਪ੍ਰਬੰਧ ਕਰਕੇ ਜੋ ਛੱਤ ਮੁਹੱਈਆ ਕਰਵਾਈ ਗਈ ਹੈ, ਇਹ ਵੀ ਉਨ੍ਹਾਂ ਨੂੰ ਕੁੱਝ ਦਿਨਾਂ ਤੱਕ ਛੱਡਣੀ ਪਵੇਗੀ। ਹੁਣ ਉਨ੍ਹਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਮੁੜ ਤੋਂ ਕਿਸ ਛੱਤ ਦੇ ਹੇਠ ਜਾ ਕੇ ਉਹ ਰਹਿਣਗੇ ਕਿਉਂਕਿ ਘਰ ਤਾਂ ਪਾਣੀ ਨੇ ਬਰਬਾਦ ਕਰ ਦਿੱਤੇ ਹਨ। ਉੱਥੇ ਹੀ ਮਨਜੀਤ ਕੌਰ ਅਤੇ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਘੱਗਰ ਦਰਿਆ ਨੂੰ ਬੰਨ੍ਹ ਮਾਰਨ ਲਈ ਦਿਨ-ਰਾਤ ਹੋਰ ਲੋਕਾਂ ਨਾਲ ਸੇਵਾ ਨਿਭਾ ਰਹੇ ਹਨ, ਪਰ ਉਹ ਆਪਣਾ ਘਰ-ਬਾਰ ਛੱਡ ਕੇ ਰਾਹਤ ਕੈਂਪਾਂ ਦੇ ਵਿੱਚ ਬੈਠੀਆਂ ਹਨ। ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ ਅਤੇ ਘਰ ਡਿੱਗਣ ਕਿਨਾਰੇ ਹਨ। ਹੜ੍ਹ ਪੀੜਤਾਂ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।

ABOUT THE AUTHOR

...view details