ਹੈਦਰਾਬਾਦ ਡੈਸਕ: ਅਗਨੀਵੀਰ ਯੋਜਨਾ ਤਹਿਤ ਦੇਸ਼ ਦਾ ਪਹਿਲਾ ਸ਼ਹੀਦ ਪੰਜਾਬ ਦਾ ਅੰਮ੍ਰਿਤਪਾਲ ਸਿੰਘ ਹੈ। ਜਿਸ ਨੇ ਦੇਸ਼ ਖਾਤਰ ਆਪਣੀ ਸ਼ਹਾਦਤ ਦੇ ਦਿੱਤੀ। ਸ਼ਹੀਦ ਅੰਮ੍ਰਿਤਪਾਲ ਦੇ ਸ਼ਹੀਦ ਹੋਣ ਦੀ ਖ਼ਬਰ ਜਿਵੇਂ ਹੀ ਮਿਲੀ ਤਾਂ ਪੂਰੇ ਮਾਨਸਾ ਇਲਾਕੇ 'ਚ ਸੋਗ ਦੀ ਲਹਿਰ ਦੋੜ ਗਈ। ਇੱਕ ਪਾਸੇ ਜਿੱਥੇ ਹਰ ਕੋਈ ਅੰਮ੍ਰਿਤਪਾਲ ਨੂੰ ਸ਼ਹੀਦ ਆਖ ਰਿਹਾ ਸੀ ਅਤੇ ਬਾਕੀ ਸ਼ਹੀਦਾਂ ਵਾਂਗ ਉਸ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਣੀ ਸੀ ਪਰ ਜਦੋਂ ਅੰਮ੍ਰਿਤਪਾਲ ਦੀ ਮ੍ਰਿਤਕ ਦੇਹ ਘਰ ਪਹੁੰਚੀ ਤਾਂ ਸਭ ਹੈਰਾਨ ਹੋ ਗਏ। ਸਭ ਦੀ ਹੈਰਾਨੀ ਦਾ ਕਾਰਨ ਸੀ ਕੀ ਸ਼ਹੀਦ ਅੰਮ੍ਰਿਤਪਾਲ ਸਿੰਘ ਨਾਲ ਕੋਈ ਵੀ ਸਰਕਾਰੀ ਅਮਲਾ ਨਹੀਂ ਸੀ। ਇੰਨ੍ਹਾਂ ਹੀ ਨਹੀਂ ਬਲਕਿ ਅੰਮ੍ਰਿਤਪਾਲ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਫੌਜ਼ ਦੀ ਗੱਡੀ ਦੀ ਥਾਂ ਪ੍ਰਾਈਵੇਟ ਐਮਬੂੰਲੈਂਸ 'ਚ ਲਿਆਂਦਾ ਗਿਆ। ਜਦੋਂ ਇਸ ਦਾ ਕਾਰਨ ਅੰਮ੍ਰਿਤਪਾਲ ਦੀ ਮ੍ਰਿਤਕ ਦੇਹ ਨੂੰ ਘਰ ਛੱਡਣ ਆਏ ਜੋ ਜਵਾਨਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਅਗਨੀਪੱਥ ਯੋਜਨਾ ਤਹਿਤ ਸ਼ਹੀਦ ਹੋਏ ਜਵਾਨਾਂ ਨੂੰ ਸ਼ਹੀਦ ਦਾ ਦਰਜ਼ਾ ਨਹੀਂ ਦਿੱਤਾ ਗਿਆ। ਇਸ ਲਈ ਅੰਮ੍ਰਿਤਪਾਲ ਨੂੰ ਸ਼ਹੀਦ ਨਹੀਂ ਮੰਨਿਆ ਗਿਆ।
ਪੰਜਾਬ ਪੁਲਿਸ ਨੇ ਦਿੱਤੀ ਸੀ ਸਲਾਮੀ:ਕਾਬਲੇਜ਼ਿਕਰ ਹੈ ਕਿ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁੰਛ 'ਚ ਗੋਲੀ ਲੱਗਣ ਕਾਰਨ ਸ਼ਹੀਦ ਹੋਏ ਅੰਮ੍ਰਿਤਪਾਲ ਨੂੰ ਅੰਤਿਮ ਵਿਦਾਈ ਅਤੇ ਸਲਾਮੀ ਪੰਜਾਬ ਪੁਲਿਸ ਵੱਲੋਂ ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਸੀ ਫੌਜ਼ੀ ਅਧਿਕਾਰੀਆਂ ਵੱਲੋਂ ਨਹੀਂ। ਇਸ ਤੋਂ ਬਾਅਦ ਲਗਾਤਾਰ ਕੇਂਦਰ ਸਰਕਾਰ 'ਤੇ ਵਿਰੋਧੀਆਂ ਵੱਲੋਂ ਤੰਜ ਕੱਸੇ ਜਾ ਰਹੇ ਹਨ। ਕਾਂਗਰਸ ਨੇ ਤੰਜ ਕੱਸਦੇ ਆਖਿਆ ਕਿ ਅਗਨੀਪੱਖ ਦੇ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਨੂੰ ਸ਼ਹੀਦ ਦਾ ਦਰਜਾ ਨਾ ਦੇਣਾ ਸ਼ਹੀਦ ਦਾ ਅਪਮਾਨ ਹੈ।
ਹਰਿਆਣਾ ਦੇ ਸੀਨੀਅਰ ਲੀਡਰ ਅਭੈ ਸਿੰਘ ਚੌਟਾਲਾ ਨੇ ਕੀਤਾ ਟਵੀਟ:ਹਰਿਆਣਾ ਦੇ ਸੀਨੀਅਰ ਲੀਡਰ ਅਭੈ ਸਿੰਘ ਚੌਟਾਲਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਅਗਨੀਵੀਰ ਯੋਜਨਾ ਦੇਸ਼ ਦੇ ਜਵਾਨਾਂ ਨਾਲ ਬੇਇਨਸਾਫ਼ੀ ਹੈ। ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ ਦੇਸ਼ ਦੇ ਪਹਿਲੇ ਅਗਨੀਵੀਰ ਨੂੰ ਨਾ ਕੋਈ ਫੌਜੀ ਸਨਮਾਨ ਮਿਲਿਆ, ਨਾ ਕੋਈ ਫੌਜੀ ਰਸਮ। ਫੌਜ ਦੀ ਬਜਾਏ ਪੰਜਾਬ ਪੁਲਿਸ ਦੇ ਜਵਾਨ ਉਥੇ ਆਏ ਸਨ, ਉਹ ਵੀ ਪਿੰਡ ਵਾਸੀਆਂ ਦੇ ਕਹਿਣ 'ਤੇ ਅਤੇ ਇੱਥੋਂ ਤੱਕ ਕਿ ਉਸਦੀ ਮ੍ਰਿਤਕ ਦੇਹ ਨੂੰ ਇੱਕ ਪ੍ਰਾਈਵੇਟ ਐਂਬੂਲੈਂਸ ਵਿੱਚ ਲਿਆਂਦਾ ਗਿਆ ਸੀ। ਜਿਸ ਦੇਸ਼ 'ਚ ਇੱਕ ਸ਼ਹੀਦ ਨੂੰ ਪੀੜ੍ਹੀ ਦਰ ਪੀੜ੍ਹੀ ਯਾਦ ਕੀਤਾ ਜਾਂਦਾ ਹੈ, ਉਥੇ ਅਜਿਹਾ ਹੋਣਾ ਨਿੰਦਣਯੋਗ ਹੈ। ਇਸ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੇਂਦਰ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਅਗਨੀਵੀਰਾਂ ਨੂੰ ਸੇਵਾ ਕਾਲ ਦੌਰਾਨ ਇੱਕ ਸਿਪਾਹੀ ਦਾ ਪੂਰਾ ਦਰਜਾ ਅਤੇ ਸਨਮਾਨ ਮਿਲੇਗਾ ਜਾਂ ਨਹੀਂ। ਜੇਕਰ ਮਿਲੇਗਾ ਤਾਂ ਸ਼ਹੀਦ ਅੰਮ੍ਰਿਤਪਾਲ ਸਿੰਘ ਦੀ ਸ਼ਹਾਦਤ ਦਾ ਅਪਮਾਨ ਕਿਉਂ ਕੀਤਾ ਗਿਆ, ਇਸ ਦੀ ਮੁਆਫ਼ੀ ਮੰਗੀ ਜਾਵੇ।