ਮਾਨਸਾ:ਬੀਤੇ ਕੱਲ੍ਹ ਤੋਂ ਪੈ ਰਹੇ ਮੀਂਹ ਦੇ ਨਾਲ ਜਿੱਥੇ ਝੋਨੇ ਦੀ ਫਸਲ ਦੇ ਲਈ ਇਸ ਮੀਂਹ ਨੂੰ ਲਾਹੇਵੰਦ ਮੰਨਿਆ ਜਾ ਰਿਹਾ ਹੈ ਉੱਥੇ ਹੀ ਖਿੜ ਚੁੱਕੀ ਨਰਮੇ ਦੀ ਫਸਲ ਦੇ ਲਈ ਨੁਕਸਾਨਦਾਇਕ ਹੋ ਰਿਹਾ ਹੈ ਜਿਸ ਕਾਰਨ ਨਰਮੇ ਦੇ ਖਿੜ ਚੁੱਕੇ ਫੁੱਟ ਧਰਤੀ ਉੱਪਰ ਡਿੱਗਣ ਲੱਗੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਸੋਕੇ ਦੀ ਮਾਰ ਝੱਲੀ ਤੇ ਹੁਣ ਜਦੋਂ ਹੀ ਨਰਮੇ ਦੀ ਫਸਲ ਖਿੜ ਚੁੱਕੀ ਹੈ ਤਾਂ ਮੀਂਹ ਦੇ ਨਾਲ ਨਰਮੇ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ। ਪਰੇਸ਼ਾਨ ਕਿਸਾਨਾਂ ਵੱਲੋਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਹੈ ਕਿ ਮੀਂਹ ਜ਼ਿਆਦਾ ਨਾ ਪਵੇ ਕਿਉਂਕਿ ਉਨ੍ਹਾਂ ਦੀ ਨਰਮੇ ਦੀ ਖਿੜ ਚੁੱਕੀ ਫਸਲ ਦਾ ਨੁਕਸਾਨ ਹੋ ਰਿਹਾ ਹੈ।
ਕਿਸਾਨ ਦਾ ਕਹਿਣੈ ਕਿ ਪਹਿਲਾਂ ਕਿਸਾਨਾਂ ਨੇ ਸੋਕੇ ਦੀ ਮਾਰ ਝੱਲੀ ਹੈ ਕਿਉਂਕਿ ਬਿਜਲੀ ਨਾ ਆਉਣ ਕਾਰਨ ਝੋਨੇ ਦੀ ਫਸਲ ਵਿੱਚ ਪਾਣੀ ਪੂਰਾ ਨਾ ਹੋਣ ਕਾਰਨ ਜ਼ਮੀਨ ਵਿੱਚ ਤਰੇੜਾਂ ਆ ਚੁੱਕੀਆਂ ਸਨ ਅਤੇ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਸੀ। ਕਿਸਾਨਾਂ ਦਾ ਕਹਿਣੈ ਕਿ ਉਸ ਸਮੇਂ ਨਰਮੇ ਦੀ ਫਸਲ ਦੇ ਲਈ ਵੀ ਕਿਸਾਨਾਂ ਨੂੰ ਪਾਣੀ ਦੀ ਜ਼ਰੂਰਤ ਸੀ। ਕਿਸਾਨਾਂ ਨੇ ਦੱਸਿਆ ਕਿ ਉਸ ਸਮੇਂ ਵੀ ਕਿਸਾਨਾਂ ਨੇ ਡੀਜ਼ਲ ਫੂਕ-ਫੂਕ ਕੇ ਨਰਮੇ ਅਤੇ ਝੋਨੇ ਵਿੱਚ ਪਾਣੀ ਪੂਰਾ ਕੀਤਾ ਸੀ।