ਮਾਨਸਾ: ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ 'ਚ ਜਿਆਦਾਤਰ ਕਿਸਾਨ ਸ਼ਿਮਲਾ ਮਿਰਚ ਦੀ ਖੇਤੀ ਕਰਦੇ ਹਨ, ਪਰ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਕਈ ਹੋਰ ਸੂਬਿਆਂ ਦੇ ਵਪਾਰੀ ਸਮੇਂ ਸਿਰ ਨਹੀਂ ਪਹੁੰਚ ਪਾ ਰਹੇ। ਜਿਸ ਕਾਰਨ ਕਿਸਾਨ ਬੇਹਦ ਪਰੇਸ਼ਾਨ ਹਨ।
ਕੋਰੋਨਾ ਨੇ ਫਿਕਰਾਂ 'ਚ ਪਾਏ ਕਿਸਾਨ ਈਟੀਵੀ ਭਾਰਤ ਨਾਲ ਆਪਣੀ ਪਰੇਸ਼ਾਨੀ ਸਾਂਝੀ ਕਰਦਿਆਂ ਪਿੰਡ ਭੈਣੀ ਬਾਘਾ ਦੇ ਕਿਸਾਨਾਂ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਸ਼ਿਮਲਾ ਮਿਰਚ ਦੀ ਖੇਤੀ ਕਰ ਰਹੇ ਹਨ। ਕਰਫਿਊ ਤੋਂ ਪਹਿਲਾਂ ਉਨ੍ਹਾਂ ਦਾ ਕਾਰੋਬਾਰ ਵਧੀਆ ਸੀ। ਇਸ ਵਾਰ ਪਿੰਡ ਦੇ ਕਿਸਾਨਾਂ ਨੇ ਅੱਠ ਸੌ ਏਕੜ ਦੇ ਕਰੀਬ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਹੈ। ਕਿਸਾਨਾਂ ਨੇ ਦੱਸਿਆ ਕਿ ਸੀਜ਼ਨ ਦੇ ਮੁਤਾਬਕ ਹੁਣ ਸ਼ਿਮਲਾ ਮਿਰਚ ਦੀ ਫਸਲ ਤਿਆਰ ਹੋ ਚੁੱਕੀ ਹੈ ਤੇ ਇਸ ਨੂੰ ਤੋੜਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਪੰਜਾਬ 'ਚ ਸ਼ਿਮਲਾ ਮਿਰਚ ਦੀ ਖ਼ਪਤ ਜ਼ਿਆਦਾ ਨਾ ਹੋਣ ਕਾਰਨ ਇਸ ਨੂੰ ਹੋਰਨਾਂ ਸੂਬਿਆਂ ਜਿਵੇਂ ਰਾਜਸਥਨ, ਜੰਮੂ ਕਸ਼ਮੀਰ, ਲਖਨਓ 'ਚ ਵੇਚਿਆ ਜਾਂਦਾ ਹੈ।
ਹੋਰ ਪੜ੍ਹੋ : ਜਲੰਧਰ ਪ੍ਰਸ਼ਾਸਨ ਨੇ ਪ੍ਰਵਾਸੀ ਮਜ਼ਦੂਰਾਂ ਲਈ ਕੀਤੇ ਖ਼ਾਸ ਪ੍ਰੰਬਧ: ਡੀਸੀ ਵਰਿੰਦਰ ਸ਼ਰਮਾ
ਕਿਸਾਨਾਂ ਨੇ ਦੱਸਿਆ ਕਿ ਕਰਫਿਊ ਤੇ ਲੌਕਡਾਊਨ ਦੇ ਚਲਦੇ ਕੋਈ ਵੀ ਵਪਾਰੀ ਪੰਜਾਬ 'ਚ ਨਹੀਂ ਆ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੱਲੋਂ ਵਪਾਰੀਆਂ ਨੂੰ ਆਉਣ ਦੀ ਜਾਂ ਫਿਰ ਸ਼ਿਮਲਾ ਮਿਰਚ ਦੀ ਫਸਲ ਹੋਰਨਾਂ ਸੂਬਿਆਂ ਤੱਕ ਲਿਜਾਣ ਦੀ ਆਗਿਆ ਨਾ ਦਿੱਤੀ ਗਈ ਤਾਂ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਸੀ, ਜਿਸ 'ਚ ਲੌਕਡਾਊਨ ਤੇ ਕਰਫਿਊ ਦੌਰਾਨ ਕਿਸਾਨਾਂ ਦੀਆਂ ਫਸਲਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤੇ ਜਾਣ ਦੀ ਗੱਲ ਕਹੀ ਗਈ ਸੀ। ਇਸ ਦੇ ਉਲਟ ਕਿਸਾਨਾਂ ਨੂੰ ਆਪਣੀ ਫਸਲਾਂ ਦੇ ਮੰਡੀਕਰਨ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਜਲਦ ਤੋਂ ਜਲਦ ਸਰਕਾਰ ਨੂੰ ਉਨ੍ਹਾਂ ਦੀ ਮੁਸ਼ਕਲਾਂ ਦਾ ਹੱਲ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।