ਮਾਨਸਾ: ਉੱਡਤ ਬ੍ਰਾਂਚ ਰਜਬਾਹੇ ਦੇ ਨਵੀਨੀਕਰਨ ਦੇ ਚੱਲ ਰਹੇ ਕੰਮ ਕਾਰਨ ਝੁਨੀਰ ਬਲਾਕ ਦੇ ਟੇਲਾਂ ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੂੰ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ, ਜਿਸ ਕਾਰਨ ਝੁਨੀਰ ਬਲਾਕ ਦੇ ਪਿੰਡਾਂ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਨਹਿਰੀ ਵਿਭਾਗ ਦੇ ਐਕਸੀਅਨ ਦੇ ਦਫਤਰ ਅੱਗੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਰਜਬਾਹੇ ਦਾ ਨਿਰਮਾਣ ਕੰਮ ਜਲਦੀ ਤੋਂ ਜਲਦੀ ਨੇਪਰੇ ਚਾੜਕੇ ਕਿਸਾਨਾਂ ਦੀ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਉੱਧਰ ਨਹਿਰੀ ਵਿਭਾਗ ਦੇ ਐਕਸੀਅਨ ਨੇ 20 ਮਾਰਚ ਤੱਕ ਰਜਬਾਹੇ ਦਾ ਕੰਮ ਪੂਰਾ ਹੋਣ ਦੀ ਗੱਲ ਕਹੀ ਹੈ।
ਕਿਸਾਨਾਂ ਦੀ ਪ੍ਰਸ਼ਾਸਨ ਨੂੰ ਚਿਤਾਵਨੀ: ਵਿਭਾਗ ਦੇ ਐਕਸੀਅਨ ਦਫਤਰ ਅੱਗੇ ਧਰਨਾ ਲਗਾਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਮਲਕੀਅਤ ਸਿੰਘ, ਉੱਤਮ ਸਿੰਘ ਅਤੇ ਭਾਨ ਸਿੰਘ ਨੇ ਕਿਹਾ ਕਿ ਝੁਨੀਰ ਬਲਾਕ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ ਹੈ। ਕਿਉਂਕਿ ਕਰੀਬ ਡੇਢ ਮਹੀਨੇ ਤੋਂ ਨਹਿਰੀ ਪਾਣੀ ਬੰਦ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡਾਂ ਵਿੱਚ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਾਰਨ ਅਤੇ ਬਿਜਲੀ ਮੋਟਰਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ ਲਈ ਪਾਣੀ ਨਹੀਂ ਮਿਲ ਰਿਹਾ। ਜਿਸ ਕਾਰਨ ਉਥੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਲਦ ਰਜਵਾਹੇ ਦੀ ਮੁਰੰਮਤ ਦਾ ਕੰਮ ਪੂਰਾ ਕਰਵਾ ਕੇ ਕਿਸਾਨਾਂ ਨੂੰ ਨਹਿਰੀ ਪਾਣੀ ਮੁਹਈਆ ਕਰਵਾਏ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਨਹਿਰੀ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।