ਪੰਜਾਬ

punjab

ETV Bharat / state

ਸਰਕਾਰੀ ਖਰੀਦ ਏਜੰਸੀ ਨੇ ਨਮੀ ਵਿੱਚ ਉਲਝਾਏ ਕਿਸਾਨ - ਨਰਮੇ ਦੀ ਫ਼ਸਲ

ਮਾਨਸਾ ਵਿੱਚ ਕਿਸਾਨਾਂ ਨੇ ਆੜ੍ਹਤੀਆਂ ਤੇ ਮਜ਼ਦੂਰਾਂ ਨਾਲ ਮਿਲ ਕੇ ਮੰਡੀ ਬੋਰਡ ਸਕੱਤਰ ਦੇ ਦਫ਼ਤਰ ਦੇ ਬਾਹਰ ਨਰਮੇ ਦੀਆਂ ਢੇਰਾਂ ਨੂੰ ਅੱਗ ਦੇ ਹਵਾਲੇ ਕਰਕੇ ਪ੍ਰਦਰਸ਼ਨ ਕੀਤਾ।

ਫ਼ੋਟੋ
ਫ਼ੋਟੋ

By

Published : Oct 9, 2020, 2:16 PM IST

ਮਾਨਸਾ: ਜ਼ਿਲ੍ਹੇ ਵਿੱਚ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਕਿਸਾਨਾਂ ਨੇ ਮੰਡੀ ਬੋਰਡ ਦਫ਼ਤਰ ਦੇ ਬਾਹਰ ਨਰਮੇ ਦੀ ਫ਼ਸਲ ਨੂੰ ਫੂਕ ਕੇ ਏਜੰਸੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਉਥੇ ਹੀ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰੀ ਖ਼ਰੀਦ ਤਰੀਕੇ ਨਾਲ ਨਾ ਸ਼ੁਰੂ ਕੀਤੀ ਗਈ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।

ਦੱਸ ਦਈਏ ਕਿ ਕਾਫ਼ੀ ਦਿਨਾਂ ਦੀ ਮੰਗ ਤੋਂ ਬਾਅਦ ਨਰਮੇ ਦੀ ਫ਼ਸਲ ਖ਼ਰੀਦ ਲਈ ਆਈ। ਇਸ ਦੌਰਾਨ ਸਰਕਾਰੀ ਖ਼ਰੀਦ ਏਜੰਸੀਆਂ ਨੇ ਫ਼ਸਲ ਵਿੱਚ ਨਮੀਂ ਦੀ ਮਾਤਰਾ ਜ਼ਿਆਦਾ ਦੱਸ ਦਿੱਤੀ ਤੇ ਪ੍ਰਾਈਵੇਟ ਵਪਾਰੀ ਪਹਿਲਾਂ ਦੀ ਤਰ੍ਹਾਂ ਘੱਟ ਮੁੱਲ ਉੱਤੇ ਖ਼ਰੀਦ ਕਰਕੇ ਲੁੱਟ-ਖਸੁੱਟ ਕਰਦੇ ਨਜ਼ਰ ਆਏ। ਇਸ ਦੇ ਚਲਦਿਆਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਆੜ੍ਹਤੀਆਂ ਤੇ ਮਜ਼ਦੂਰਾਂ ਨਾਲ ਮਿਲ ਕੇ ਮੰਡੀ ਬੋਰਡ ਸਕੱਤਰ ਦੇ ਦਫ਼ਤਰ ਦੇ ਬਾਹਰ ਨਰਮੇ ਦੀਆਂ ਢੇਰਾਂ ਨੂੰ ਅੱਗ ਦੇ ਹਵਾਲੇ ਕਰਕੇ ਪ੍ਰਦਰਸ਼ਨ ਕੀਤਾ।

ਵੀਡੀਓ

ਕਿਸਾਨ ਆਗੂ ਗੋਰਾ ਸਿੰਘ ਨੇ ਕਿਹਾ ਕਿ ਨਰਮੇ ਦੀ ਫ਼ਸਲ ਲੈ ਕੇ ਆਏ ਕਿਸਾਨਾਂ ਦੀ ਹਾਲਤ ਬਹੁਤ ਬੁਰੀ ਹੈ ਤੇ ਜਦੋਂ ਬੋਲੀ ਲਾਈ ਗਈ ਤਾਂ 4000 ਰੁਪਏ ਤੋਂ ਲੈ ਕੇ 4500-4600 ਰੁਪਏ 'ਤੇ ਹੀ ਖ਼ਤਮ ਹੋ ਗਈ। ਪਰ ਨਰਮੇ ਦਾ ਸਰਕਾਰੀ ਭਾਅ 5450 ਰੁਪਏ ਤੋਂ ਵੱਧ ਹੈ। ਇਸ ਕਾਰਨ ਕਿਸਾਨਾਂ ਨੂੰ 1000-1500 ਰੁਪਏ ਘੱਟ ਮਿਲ ਰਹੇ ਹਨ ਜਿਸ ਕਰਕੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਗੋਰਾ ਸਿੰਘ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਸਮਰਥਨ ਮੁੱਲ ਦੇਣ ਦੀ ਗੱਲ ਕਹਿ ਰਹੀ ਹੈ, ਪਰ ਮੰਡੀਆਂ ਵਿੱਚ ਕਿਸਾਨਾਂ ਨੂੰ ਸਮਰਥਨ ਮੁੱਲ ਨਹੀਂ ਮਿਲ ਰਿਹਾ। ਕਿਸਾਨ ਆਗੂ ਨੇ ਅੱਗੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਾਮਲੇ 'ਤੇ ਛੇਤੀ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਕਰਣ ਲਈ ਮਜ਼ਬੂਰ ਹੋ ਜਾਣਗੇ।

ਕਿਸਾਨਾਂ ਨੂੰ ਖ਼ਰੀਦ ਪ੍ਰਬੰਧਨ ਵਿੱਚ ਉਲਝਾ ਕੇ ਰੱਖਣ ਦੇ ਦੋਸ਼ਾਂ 'ਤੇ ਸਰਕਾਰੀ ਖ਼ਰੀਦ ਏਜੰਸੀ ਦੇ ਖ਼ਰੀਦ ਅਧਿਕਾਰੀ ਸ਼ੈਲੇਂਦਰ ਤਿਵਾੜੀ ਨੇ ਕਿਹਾ ਕਿ ਅਜਿਹਾ ਕੁੱਝ ਵੀ ਨਹੀਂ ਹੈ, ਅੱਜ ਸਵੇਰੇ ਜਿਵੇਂ ਹੀ ਉਹ ਆਏ, ਪੂਰੀ ਮੰਡੀ ਵਿੱਚ ਸਾਰੇ ਟਰੈਕਟਰ ਟ੍ਰਾਲੀਆਂ ਦਾ ਨਰਮਾ ਚੈੱਕ ਕੀਤਾ। ਉਸ ਵੇਲੇ ਸਾਡੇ ਨਾਲ ਕਿਸਾਨ ਯੂਨੀਅਨ ਦੇ ਅਧਿਕਾਰੀ ਤੇ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦੇ ਵੀ ਮੌਜੂਦ ਸਨ। ਸਭ ਦੇ ਸਾਹਮਣੇ ਨਰਮੇ ਵਿੱਚ ਨਮੀ ਦੀ ਮਾਤਰਾ ਚੈੱਕ ਕੀਤੀ ਗਈ ਤੇ ਉਸ ਤੋਂ ਬਾਅਦ ਖ਼ਰੀਦ ਲਗਾਤਾਰ ਜਾਰੀ ਹੈ।

ABOUT THE AUTHOR

...view details