ਮਾਨਸਾ:ਪੰਚਾਇਤੀ ਵਿਭਾਗ ਵੱਲੋਂ ਪੰਚਾਇਤੀ ਜ਼ਮੀਨਾਂ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਦੇ ਲਈ ਲਗਾਤਾਰ ਮੁਹਿੰਮ ਜਾਰੀ ਹੈ। ਪਰ ਅਧਿਕਾਰੀਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੇ ਚੱਲਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਹੀਰੇਵਾਲਾ ਦੇ ਵਿੱਚ ਇੱਕ ਕਿਸਾਨ ਵੱਲੋਂ 15 ਮਰਲੇ ਜ਼ਮੀਨ ’ਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਦੇ ਲਈ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਹੀ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਜਿਸ ਕਾਰਨ ਵਿਭਾਗ ਦਾ ਕੋਈ ਵੀ ਅਧਿਕਾਰੀ ਕਬਜ਼ਾ ਛੁਡਵਾਉਣ ਦੇ ਲਈ ਨਹੀਂ ਪਹੁੰਚਿਆ।
ਪੰਚਾਇਤੀ ਜ਼ਮੀਨ ’ਤੇ ਮਕਾਨ ਬਣਾ ਕੇ ਬੈਠੇ ਕਿਸਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਵੱਲੋਂ 100 ਪਹਿਲਾਂ ਘਰ ਬਣਾਇਆ ਗਿਆ ਸੀ ਜਿਸ ਦੌਰਾਨ 15 ਮਰਲੇ ਪੰਚਾਇਤੀ ਜ਼ਮੀਨ ਉਨ੍ਹਾਂ ਦੇ ਘਰ ਵਿਚ ਆ ਗਈ ਸੀ ਪਰ ਹੁਣ ਵਿਭਾਗ ਵੱਲੋਂ ਇਹ ਜ਼ਮੀਨ ਛੁਡਵਾਉਣ ਦੇ ਲਈ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਉਹ ਇਨ੍ਹਾਂ 15 ਮਰਲੇ ਜ਼ਮੀਨ ਦੇ ਬਦਲੇ ਸਰਕਾਰ ਨੂੰ ਪੈਸਾ ਭਰਨ ਦੇ ਲਈ ਵੀ ਤਿਆਰ ਹਨ। ਉਸ ਦੀ ਪੰਚਾਇਤੀ ਜ਼ਮੀਨ ਦੇ ਨਾਲ ਆਪਣੀ ਨਿੱਜੀ ਜ਼ਮੀਨ ਵੀ ਲੱਗਦੀ ਹੈ ਅਤੇ ਉਸ ਜ਼ਮੀਨ ਦੇ ਵਿਚੋਂ ਵੀ ਜ਼ਮੀਨ ਦੇਣ ਦੇ ਲਈ ਤਿਆਰ ਹੈ ਪਰ ਵਿਭਾਗ ਵੱਲੋਂ ਉਨ੍ਹਾਂ ਦੇ ਘਰ ਨੂੰ ਢਾਹ ਕੇ ਨਾਜਾਇਜ਼ ਕਬਜ਼ਾ ਛੁਡਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਤੋਂ ਪੈਸੇ ਭਰਵਾਏ ਜਾਣ ਜਾਂ ਉਸਦੀ ਜ਼ਮੀਨ ਵਿਚੋਂ 15 ਮਰਲੇ ਲਏ ਜਾਣ ਪਰ ਉਸ ਦਾ ਘਰ ਨਾ ਉਜਾੜਿਆ ਜਾਵੇ।