ਮਾਨਸਾ : ਕੈਪਟਨ ਸਰਕਾਰ ਨੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਕਿਸਾਨਾਂ ਦੇ ਕਰਜ਼ਾ ਮੁਆਫ ਕਰਨ ਤੇ ਬੈਂਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੁਰਕੀ ਨਾ ਹੋਣ ਤੋਂ ਰਾਹਤ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਜ਼ਮੀਨੀ ਪੱਧਰ 'ਤੇ ਇਨ੍ਹਾਂ ਵਾਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਮਾਨਸਾ 'ਚ ਇਨ੍ਹਾਂ ਵਾਅਦਿਆਂ ਦੇ ਉਲਟ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ ਕਰਜ਼ਾ ਡਿਫਾਲਟਰ ਕਿਸਾਨਾਂ ਦੀਆਂ ਤਸਵੀਰਾਂ ਬੈਂਕ ਦੇ ਨੋਟਿਸ ਬੋਰਡ 'ਤੇ ਲਗਾ ਦਿੱਤੀਆਂ ਹਨ।
ਇਸ ਦਾ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਡਿਫਾਲਟਰ ਕਿਸਾਨਾਂ ਦੀ ਤਸਵੀਰਾਂ ਨੂੰ ਨੋਟਿਸ ਬੋਰਡ ਤੋਂ ਹਟਾਉਣ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਬੈਂਕ ਵੱਲੋਂ ਕਿਸਾਨਾਂ ਦੀਆਂ ਤਸਵੀਰਾਂ ਨਹੀਂ ਹਟਾਈਆਂ ਗਈਆਂ ਤਾਂ ਬੈਂਕ ਦੇ ਵਿਰੁੱਧ ਸੰਘਰਸ਼ ਕੀਤਾ ਜਾਵੇਗਾ।