ਮਾਨਸਾ: ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ। ਕਿਸਾਨਾਂ ਨੂੰ ਕੋਵਿਡ-19 ਦੇ ਕਾਰਨ ਵੀ ਕੋਈ ਦਿੱਕਤ ਨਹੀਂ ਆ ਰਹੀ। ਕਿਸਾਨਾਂ ਨੂੰ ਸਹਿਕਾਰੀ ਕੇਂਦਰੀ ਬੈਂਕ ਰਾਹੀਂ ਬੀਜ ਖਾਦ ਉਪਲੱਬਧ ਹੋ ਰਹੇ ਹਨ ਤੇ ਕਿਸਾਨ ਵੀ ਸੰਤੁਸ਼ਟ ਦਿਖਾਈ ਦੇ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਦੌਰਾਨ ਵੀ ਕਿਸਾਨਾਂ ਨੂੰ ਸਾਉਣੀ ਦੀ ਫਸਲ ਬੀਜਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆ ਰਹੀ ਅਤੇ ਉਨ੍ਹਾਂ ਨੂੰ ਸੁਸਾਇਟੀ ਰਾਹੀਂ ਬੀਜ ਖਾਦ ਆਦਿ ਉਪਲੱਬਧ ਹੋ ਰਹੇ ਹਨ।
ਤਾਲਾਬੰਦੀ: ਸਹਿਕਾਰੀ ਕੇਂਦਰੀ ਬੈਂਕ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਅੰਨਦਾਤਾ ਕਿਸਾਨ ਰੁਲਦੂ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਕੋਵਿਡ-19 ਦੇ ਕਾਰਨ ਸਾਉਣੀ ਦੀ ਫ਼ਸਲ ਦੀ ਬਿਜਾਈ ਕਰਨ 'ਚੋਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਵਿੱਚ ਸਹਿਕਾਰੀ ਕੇਂਦਰੀ ਬੈਂਕ ਦੀਆਂ ਬਰਾਂਚਾਂ ਹਨ ਜੋ ਕਿ ਕਿਸਾਨ ਉਸ ਨੂੰ ਸੁਸਾਇਟੀ ਦੱਸਦੇ ਹਨ, ਇਸ ਸੁਸਾਇਟੀ ਰਾਹੀਂ ਕਿਸਾਨਾਂ ਨੂੰ ਬੀਜ ਖਾਦ ਸਮੇਂ ਸਿਰ ਉਪਲੱਬਧ ਹੋ ਰਿਹਾ ਹੈ ਅਤੇ ਕਿਸਾਨ ਆਪਣੀ ਸਾਉਣੀ ਦੀ ਫ਼ਸਲ ਦੀ ਬਿਜਾਈ ਵੀ ਕਰ ਰਹੇ ਹਨ।
ਤਾਲਾਬੰਦੀ: ਸਹਿਕਾਰੀ ਕੇਂਦਰੀ ਬੈਂਕ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਅੰਨਦਾਤਾ ਕਿਸਾਨ ਗੋਰਾ ਸਿੰਘ ਨੇ ਕਿਹਾ ਕਿ ਸੁਸਾਇਟੀਆਂ ਦੇ ਵਿੱਚ ਕਿਸਾਨਾਂ ਦੇ ਹੱਦ ਕਰਜ਼ੇ ਜ਼ਮੀਨ ਅਨੁਸਾਰ ਬਣਾਏ ਜਾਂਦੇ ਹਨ। ਹਾੜ੍ਹੀ, ਸਾਉਣੀ ਕਿਸਾਨ ਜਿੰਨਾ ਉਸ ਦਾ ਹੱਦ ਕਰਜ਼ਾ ਹੁੰਦਾ ਹੈ ਜਾਂ ਉਸ ਦਾ ਵਿਆਜ ਹੈ ਉਹ ਸੁਸਾਇਟੀ ਦੇ ਵਿੱਚ ਭਰ ਦਿੰਦਾ ਹੈ। ਇਸ ਤੋਂ ਬਾਅਦ ਕਿਸਾਨ ਨੂੰ ਅਗਲੀ ਫ਼ਸਲ ਦੇ ਲਈ ਖਾਦ, ਬੀਜ ਉਪਲੱਬਧ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਇੱਕ ਕਿਸਾਨ ਨੇ 40 ਹਜ਼ਾਰ ਦੀ ਲਿਮਿਟ ਬਣਵਾਈ ਹੈ ਤਾਂ ਉਸ ਨੂੰ 20 ਹਜ਼ਾਰ ਰੁਪਏ ਸੁਸਾਇਟੀ ਨਕਦ ਦੇ ਦਿੰਦੀ ਹੈ।
ਬੈਂਕ ਮੈਨੇਜਰ ਵਿਨੋਦ ਕਾਠ ਨੇ ਦੱਸਿਆ ਕਿ ਕਿਸਾਨਾਂ ਨੂੰ ਸਾਉਣੀ ਦੀ ਫਸਲ ਦੇ ਲਈ ਬੀਜ ਰੇਹ ਸਪਰੇਅ ਹੈ, ਉਹ ਸੁਸਾਇਟੀਆਂ ਰਾਹੀਂ ਦਿੱਤਾ ਜਾਂਦਾ ਹੈ। ਜੋ ਕਿਸਾਨਾਂ ਨੂੰ ਕੈਸ਼ ਦਿੱਤਾ ਜਾਂਦਾ ਹੈ ਉਹ ਬੈਂਕ ਦੀਆਂ ਬਰਾਂਚਾਂ ਵਿੱਚੋਂ ਹੀ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਕੋਲ ਪਹਿਲਾਂ ਹੀ ਸਟਾਕ ਜਮ੍ਹਾ ਹੁੰਦਾ ਹੈ ਅਤੇ ਕਿਸਾਨਾਂ ਦੀਆਂ ਲਿਮਟਾਂ ਬਣੀਆਂ ਹੁੰਦੀਆਂ ਹਨ। ਜੋ ਵੀ ਕਿਸਾਨਾਂ ਦੀ ਡਿਮਾਂਡ ਹੁੰਦੀ ਹੈ ਉਸ ਦੇ ਅਨੁਸਾਰ ਹੀ ਉਨ੍ਹਾਂ ਨੂੰ ਬੀਜ ਖਾਦ ਉਪਲੱਬਧ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਖੇਤੀ ਕਰਜ਼ਿਆਂ ਦੀ ਵੰਡ ਪਹਿਲਾਂ ਹੀ ਐਗਰੀਕਲਚਰ ਦੇ ਅਨੁਸਾਰ ਬਣੀਆਂ ਹੁੰਦੀਆਂ ਹਨ।