ਮਾਨਸਾ: ਮਾਲਵਾ ਖੇਤਰ ਦੇ ਵਿੱਚ ਖ਼ਰਾਬ ਹੋਏ ਨਰਮੇ ਦੇ ਮੁਆਵਜ਼ੇ ਦੇ ਲਈ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਪਿਛਲੇ ਕਈ ਦਿਨਾਂ ਤੋਂ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਬੁੱਧਵਾਰ ਨੂੰ ਮਾਨਸਾ ਦੇ ਸੈਕਟਰੀਏਟ ਦਾ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਦੇ ਲਈ ਘਿਰਾਓ ਕਰ ਦਿੱਤਾ ਹੈ ਅਤੇ ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਨੂੰ 17 ਹਜ਼ਾਰ ਰੁਪਏ ਮੁਆਵਜ਼ਾ ਖਾਤਿਆਂ ਵਿਚ ਨਹੀਂ ਪਾਉਂਦੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ।
ਕਿਸਾਨਾਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਨਰਮੇ ਦੇ ਮੁਆਵਜ਼ੇ ਦੇ ਲਈ ਪ੍ਰਦਰਸ਼ਨ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬੁੱਧਵਾਰ ਨੂੰ ਫਿਰ ਮਾਨਸਾ ਦੇ ਮਿੰਨੀ ਸੈਕਟਰੀਏਟ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਗਿਆ ਹੈ।
ਕਿਸਾਨਾਂ ਨੇ ਮੁਆਵਜ਼ੇ ਲਈ ਸੈਕਟਰੀਏਟ ਦਾ ਕੀਤਾ ਘਿਰਾਓ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਸਰਕਾਰ ਵੱਲੋਂ ਨਰਮੇ ਖ਼ਰਾਬੇ ਦਾ 12 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀ। ਜਦੋਂਕਿ ਕਿਸਾਨਾਂ ਵੱਲੋਂ ਸੰਘਰਸ਼ ਕਰਕੇ ਇਸ ਨੂੰ 17 ਹਜ਼ਾਰ ਰੁਪਏ ਕਰਵਾਇਆ ਗਿਆ ਸੀ। ਪਰ ਅਜੇ ਤੱਕ ਸਰਕਾਰ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜ਼ਾ ਨਹੀਂ ਭੇਜਿਆ ਗਿਆ।
ਜਦੋਂ ਕਿ ਸਰਕਾਰ ਡਿਪਟੀ ਕਮਿਸ਼ਨਰਾਂ ਕੋਲ ਮੁਆਵਜ਼ਾ ਭੇਜਣ ਦੀ ਗੱਲ ਕਹਿ ਰਹੀ ਹੈ, ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜ਼ਾ ਰਾਸ਼ੀ ਨਹੀਂ ਆਉਂਦੀ, ਉਦੋਂ ਤੱਕ ਕਿਸਾਨਾਂ ਦਾ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰਹੇਗਾ। ਉੱਥੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਜੋ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਇਸਦੇ ਨਾਲ ਹੀ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕਰੇ।
ਇਹ ਵੀ ਪੜੋ:- ਯੂਰੀਏ ਦੀ ਘਾਟ ਕਾਰਨ ਬੀਕੇਯੂ ਉਗਰਾਹਾਂ ਨੇ ਘੇਰਿਆ ਮਾਰਕਫੈੱਡ ਦਾ ਖਾਦ ਅਫ਼ਸਰ