ਮਾਨਸਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਲਾਈਨਾਂ 'ਤੇ ਧਰਨਿਆਂ ਦੀ ਲੜੀ ਤਹਿਤ ਮਾਨਸਾ ਵਿੱਚ 5ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਧਰਨੇ ਦੌਰਾਨ ਕਿਸਾਨ ਆਗੂਆਂ ਨੇ ਰਾਜਨੀਤਿਕ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਟਰੈਕਟਰ ਮਾਰਚਾਂ ਨੂੰ ਡਰਾਮਾ ਦੱਸਿਆ ਅਤੇ ਕਿਹਾ ਕਿ ਜੇਕਰ ਏਨੇ ਹੀ ਹਮਦਰਦ ਨੇਤਾ ਕਿਸਾਨਾਂ ਨਾਲ ਰੇਲਵੇ ਲਾਈਨਾਂ 'ਤੇ ਆ ਕੇ ਬੈਠਣ।
ਮਾਨਸਾ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਧਰਨਾ 5ਵੇਂ ਦਿਨ ਵੀ ਜਾਰੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਅਤੇ ਆਗੂ ਜਗਰਾਜ ਸਿੰਘ ਹੀਰਕੇ ਨੇ ਕਿਹਾ ਕਿ ਇੱਕ ਅਕਤੂਬਰ ਤੋਂ ਕਿਸਾਨ ਰੇਲਵੇ ਲਾਈਨਾਂ 'ਤੇ ਧਰਨਾ ਦੇ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜੋ ਭਾਜਪਾ, ਅਕਾਲੀ ਅਤੇ ਕਾਂਗਰਸ ਵੱਲੋਂ ਜੋ ਕਿਸਾਨਾਂ ਦੇ ਹੱਕ ਵਿੱਚ ਟਰੈਕਟਰ ਮਾਰਚ ਕੀਤੇ ਜਾ ਰਹੇ ਹਨ, ਇਹ ਮਹਿਜ਼ ਇੱਕ ਡਰਾਮਾ ਹਨ। ਪਰੰਤੂ ਕਿਸਾਨ ਇਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਡਰਾਮਿਆਂ ਵਿੱਚ ਆਉਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਇਹ ਰਾਜਨੀਤਿਕ ਪਾਰਟੀਆਂ ਕਿਸਾਨਾਂ ਦੀਆਂ ਸੱਚਮੁੱਚ ਹਮਦਰਦ ਹਨ, ਤਾਂ ਉਹ ਕਿਸਾਨਾਂ ਨਾਲ ਰੇਲਵੇ ਲਾਈਨਾਂ 'ਤੇ ਆ ਕੇ ਬੈਠਣ ਅਤੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਤਾਂ ਕਿ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਇਆ ਜਾ ਸਕੇ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਇਸੇ ਤਰ੍ਹਾਂ ਸੰਘਰਸ਼ ਜਾਰੀ ਰੱਖਣਗੇ ਅਤੇ ਆਉਣ ਵਾਲੀ 7 ਅਕਤੂਬਰ ਨੂੰ ਪੰਜਾਬ ਪੱਧਰੀ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇੱਕ ਵੱਡਾ ਅੰਦੋਲਨ ਛੇੜਨ ਦਾ ਐਲਾਨ ਕੀਤਾ ਜਾਵੇਗਾ।