ਮਾਨਸਾ: ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਜਗਦੇਵ ਸਿੰਘ ਨੇ ਕਿਹਾ ਕਿ 9 ਅਕਤੂਬਰ ਨੂੰ ਬੁਢਲਾਡਾ ਵਿਖੇ ਧਰਨੇ ਦੌਰਾਨ 80 ਸਾਲ ਦੀ ਮਾਤਾ ਤੇਜ ਕੌਰ ਦੀ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਕਿਸਾਨ ਪਰਿਵਾਰ ਦੇ ਲਈ ਸਰਕਾਰੀ ਨੌਕਰੀ, ਮੁਆਵਜ਼ਾ ਅਤੇ ਕਰਜ਼ਾ ਮਾਫ਼ੀ ਦੀ ਮੰਗ ਕਰ ਰਹੇ ਹਨ।
ਮਾਨਸਾ: ਧਰਨੇ 'ਚ ਬਜ਼ੁਰਗ ਔਰਤ ਦੀ ਹੋਈ ਮੋਤ ਨੂੰ ਲੈ ਕੇ ਕਿਸਾਨਾਂ ਨੇ ਘੇਰੀ ਡਿਪਟੀ ਕਮਿਸ਼ਨਰ ਦੀ ਰਿਹਾਇਸ਼
9 ਅਕਤੂਬਰ ਬੁਢਲਾਡਾ ਰੇਲਵੇ ਸਟੇਸ਼ਨ 'ਤੇ ਧਰਨੇ ਦੌਰਾਨ ਇੱਕ ਬਜ਼ੁਰਗ ਔਰਤ ਤੇਜ ਕੌਰ ਦੀ ਮੌਤ ਹੋ ਗਈ ਸੀ ਜਿਸ ਨੂੰ 5 ਦਿਨ ਬੀਤ ਜਾਣ ਮਗਰੋਂ ਵੀ ਪਰਿਵਾਰ ਵੱਲੋਂ ਅਜੇ ਤੱਕ ਮ੍ਰਿਤਕ ਔਰਤ ਦਾ ਸਸਕਾਰ ਨਹੀਂ ਕੀਤਾ ਗਿਆ। ਕਿਸਾਨਾਂ ਦੀ ਮੰਗ ਹੈ ਕਿ ਮ੍ਰਿਤਕ ਔਰਤ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਮੁਆਵਜ਼ਾ, ਇੱਕ ਸਰਕਾਰੀ ਨੌਕਰੀ ਅਤੇ ਪੂਰਾ ਕਰਜ਼ਾ ਮਾਫ਼ ਕੀਤਾ ਜਾਵੇ।
ਇਸ ਮਾਮਲੇ ਨੂੰ ਹੁਣ ਤੱਕ 5 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਸਰਕਾਰ ਅਤੇ ਮਾਨਸਾ ਦਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਵਿੱਚ ਹੈ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਸੋਮਵਾਰ ਨੂੰ ਵੀ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਉ ਕੀਤਾ ਗਿਆ ਸੀ ਪਰ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਜਿਸ ਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦਾ ਵੀ ਘਿਰਾਉ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਉਦੋਂ ਤੱਕ ਕਿਸਾਨ ਡਿਪਟੀ ਕਮਿਸ਼ਨਰ ਦੇ ਦਫ਼ਤਰ ਅਤੇ ਰਿਹਾਇਸ਼ ਦੇ ਬਾਹਰ ਡਟੇ ਰਹਿਣਗੇ ਬੇਸ਼ਕ ਪੁਲਿਸ ਉਨ੍ਹਾਂ ਨੂੰ ਡਾਂਗਾ ਨਾਲ ਕੁੱਟੇ ਜਾਂ ਫਿਰ ਕਿਸੇ ਤਰ੍ਹਾਂ ਦੀ ਹੋਰ ਕਾਰਵਾਈ ਕਰੇ ਪਰ ਕਿਸਾਨ ਆਪਣੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ।
ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਬੀਤੇ ਕੱਲ੍ਹ ਵੀ ਉਨ੍ਹਾਂ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਉ ਕੀਤਾ ਸੀ ਜਿਸ ਨੂੰ ਲੈ ਕੇ ਡੀਸੀ ਅਤੇ ਐਸਐਸਪੀ ਨਾਲ ਗੱਲ ਹੋਈ ਹੈ ਅਤੇ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।