ਮਾਨਸਾ: ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਕੱਢਣ ਦੇ ਲਈ ਸਰਕਾਰਾਂ ਵੱਲੋਂ ਕਿਸਾਨਾਂ (Farmers) ਨੂੰ ਸਮੇਂ-ਸਮੇਂ 'ਤੇ ਜਾਗਰੂਕ ਕੀਤਾ ਜਾਂਦਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ (Bhainibagha village in Mansa district) ਦੇ ਕਿਸਾਨਾਂ ਵੱਲੋਂ ਬਦਲਵੀਂ ਖੇਤੀ ਨੂੰ ਤਰਜੀਹ ਦਿੱਤੀ ਗਈ ਹੈ। ਜਿਸ ਦੇ ਤਹਿਤ ਕਿਸਾਨਾਂ ਵੱਲੋਂ 800 ਏਕੜ ਦੇ ਵਿੱਚ ਸ਼ਿਮਲਾ ਮਿਰਚ ਮਟਰ ਅਤੇ ਖ਼ਰਬੂਜ਼ੇ ਦੀ ਕਾਸ਼ਤ ਕੀਤੀ ਗਈ ਹੈ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ, ਕਿ ਉਨ੍ਹਾਂ ਵੱਲੋਂ ਬਦਲਵੀਂ ਖੇਤੀ ਦਾ ਅਪਣਾਈ ਗਈ ਹੈ, ਪਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਸਬਸਿਡੀ ਆਦਿ ਮੁਹੱਈਆ ਨਹੀਂ ਕਰਵਾਈ ਜਾਂਦੀ, ਜਿਸ ਕਾਰਨ ਕਿਸਾਨ ਬਦਲਵੀਂ ਖੇਤੀ ਤੋਂ ਮੂੰਹ ਮੋੜ ਜਾਂਦੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਕਿਸਾਨਾਂ ਨੂੰ ਸ਼ਿਮਲਾ ਮਿਰਚ ਦਾ ਰੇਟ (Rate of Capsicum) ਵਧੀਆ ਮਿਲ ਰਿਹਾ ਹੈ, ਪਰ ਪਿਛਲੇ 3 ਸਾਲਾਂ ਦੇ ਦੌਰਾਨ ਕਿਸਾਨਾਂ (Farmers) ਨੂੰ ਕੋਰੋਨਾ ਅਤੇ ਨੋਟਬੰਦੀ ਦੇ ਦੌਰਾਨ ਭਾਰੀ ਮਾਰ ਪਈ ਸੀ। ਜਿਸ ਕਾਰਨ ਕਿਸਾਨਾਂ ਨੂੰ 2 ਤੋਂ 3 ਰੁਪਏ ਸ਼ਿਮਲਾ ਮਿਰਚ ਵੇਚਣੀ ਪਈ ਅਤੇ ਜ਼ਿਆਦਾਤਰ ਸ਼ਿਮਲਾ ਮਿਰਚ ਦੀ ਫਸਲ ਸੜਕਾਂ ਤੇ ਖੇਤਾਂ ਵਿੱਚ ਸੁੱਟਣੀ ਪਈ, ਪਰ ਇਸ ਵਾਰ ਰੇਟ ਵਧੀਆ ਮਿਲ ਰਿਹਾ ਹੈ। ਜਿਸ ਕਾਰਨ ਕਿਸਾਨਾਂ ਨੂੰ ਚੰਗਾ ਮੁਨਾਫਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਫਸਲ ‘ਤੇ ਖਰਚਾ ਵੀ 60 ਤੋਂ 70 ਹਜ਼ਾਰ ਤੱਕ ਬੀਜ ਤੋਂ ਲੈ ਕੇ ਖਾਦਾਂ ਤੱਕ ਹੋ ਜਾਂਦਾ ਹੈ, ਇਸ ਤੋਂ ਇਲਾਵਾ ਦਵਾਈਆਂ ਅਤੇ ਲੇਬਰ ਦਾ ਵੀ ਖਰਚਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ 80 ਤੋਂ 90 ਹਜ਼ਾਰ ਰੁਪਏ ਪ੍ਰਤੀ ਏਕੜ ਤੇ ਖਰਚ ਆਉਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਰੇਟ 26 ਤੋਂ 43-44 ਰੁਪਏ ਚੱਲ ਰਿਹਾ ਹੈ। ਜੇਕਰ ਇਸੇ ਤਰ੍ਹਾਂ ਰੇਟ ਮਿਲਦਾ ਰਿਹਾ ਤਾਂ ਕਿਸਾਨ ਖੁਸ਼ਹਾਲ ਹੋ ਸਕਦੇ ਹਨ।