ਮਾਨਸਾ: ਪੰਜਾਬ ਵਿੱਚ ਕਿਸਾਨਾਂ ਦੀ ਕਰਜ਼ੇ ਕਰਕੇ ਖ਼ੁਦਕੁਸ਼ੀਆਂ ਦੇ ਮਾਮਲਿਆਂ ਨੂੰ ਆਏ ਦਿਨ ਚੁੱਕਿਆ ਜਾਂਦਾ ਪਰ ਦੂਜੇ ਪਾਸੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵਿੱਚ ਲੱਖਾਂ ਹੀ ਕਿਸਾਨ ਅਜਿਹੇ ਵੀ ਨੇ ਜੋ ਜ਼ਮੀਨ ਦੇ ਛੋਟੇ ਟੁਕੜੇ ਉੱਤੇ ਖੇਤੀ ਦੇ ਨਾਲ-ਨਾਲ ਹੋਰ ਛੋਟੇ ਕਾਰੋਬਾਰ ਕਰ ਕੇ ਇੱਕ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਆਪਣੀ ਖ਼ਾਸ ਪ੍ਰੋਗਰਾਮ ਜਿਉਂਦੇ ਨੇ ਅਣਖ ਦੇ ਨਾਲ ਰਾਹੀਂ ਮਿਲਾਉਣ ਜਾ ਰਹੇ ਹਾਂ, ਮਾਨਸਾ ਦੇ ਪਿੰਡ ਭੈਣੀ ਬਾਘਾ ਦੇ ਰਹਿਣ ਵਾਲੇ ਕਿਸਾਨ ਗੌਰਾ ਸਿੰਘ ਤੇ ਉਸ ਦੇ ਸਾਥੀਆਂ ਨਾਲ ਜੋ ਕਿ ਹੋਰਨਾਂ ਕਿਸਾਨਾਂ ਲਈ ਇੱਕ ਮਿਸਾਲ ਬਣ ਰਹੇ ਹਨ।
ਕਿਸਾਨ ਗੌਰਾ ਸਿੰਘ ਵਲੋਂ ਬਦਲਵੀਂ ਖੇਤੀ ਅਪਣਾ ਕੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ ਗਈ ਹੈ। ਇਸ ਪਿੰਡ 'ਚੋਂ ਇਸ ਕਿਸਾਨ ਨੇ 350 ਏਕੜ ਦੇ ਕਰੀਬ ਸ਼ਿਮਲਾ ਮਿਰਚ, ਮਟਰ ਅਤੇ ਖਰਬੂਜੇ ਦੀ ਖੇਤੀ ਸ਼ੁਰੂ ਕੀਤੀ ਹੈ। ਇਹ ਕਿਸਾਨ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ 'ਚੋਂ ਨਿਕਲ ਕੇ ਸਬਜ਼ੀਆਂ ਦੀ ਕਾਸ਼ਤ ਨੂੰ ਪਹਿਲ ਦੇ ਰਹੇ ਹਨ।
ਕਿਸਾਨ ਗੋਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 4 ਤੋਂ 5 ਏਕੜ ਵਿੱਚ ਸ਼ਿਮਲਾ ਮਿਰਚ ਲਗਾਈ ਗਈ ਹੈ ਅਤੇ ਇਸ ਦੀ ਗੋਡੀ ਵੀ ਉਹ ਖੁਦ ਆਪ ਹੀ ਕਰਦੇ ਹਨ। ਇਸ ਤੋਂ ਬਾਅਦ ਸ਼ਿਮਲਾ ਮਿਰਚ ਦੀ ਤੁੜਵਾਈ ਸ਼ੁਰੂ ਹੋ ਜਾਵੇਗੀ। ਹੁਣ 5-7 ਸਾਲਾਂ ਤੋਂ ਭੈਣੀ ਬਾਘਾ ਚੋਂ ਸ਼ਿਮਲਾ ਮਿਰਚ ਦੀ ਵੱਡੇ ਪੱਧਰ 'ਤੇ ਕਾਸ਼ਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸ਼ੁਰੂ ਚੋਂ ਮਲੇਰਕੋਟਲਾ ਵਿੱਚ ਉਹ ਸ਼ਿਮਲਾ ਮਿਰਚ ਲੈ ਕੇ ਜਾਂਦੇ ਸਨ ਅਤੇ ਜਿਨ੍ਹਾਂ ਕੁ ਰੇਟ ਮਿਲਦਾ ਸੀ, ਵਪਾਰੀਆਂ ਨੂੰ ਦੇ ਕੇ ਵਾਪਿਸ ਆ ਜਾਂਦੇ ਸਨ, ਪਰ ਹੁਣ 5-6 ਸਾਲਾਂ ਤੋਂ ਦਿੱਲੀ, ਆਗਰਾ, ਬੀਕਾਨੇਰ, ਲਖਨਊ ਤੇ ਸ੍ਰੀਨਗਰ ਆਦਿ ਦੇ ਵਪਾਰੀ ਉਨ੍ਹਾਂ ਦੇ ਖੇਤਾਂ ਚੋਂ ਆ ਕੇ ਖ਼ੁਦ ਸ਼ਿਮਲਾ ਮਿਰਚ ਲੈ ਕੇ ਜਾਂਦੇ ਹਨ ਤੇ ਇਸ ਦਾ ਮੁਨਾਫ਼ਾ ਵੀ ਵਧੀਆ ਮਿਲ ਜਾਂਦਾ ਹੈ।