ਮਾਨਸਾ: ਕਣਕ (Wheat) ਦਾ ਝਾੜ ਘੱਟ ਹੋਣ ਨਾਲ ਜਿੱਥੇ ਫ਼ਸਲ ਦੀ ਪੈਦਾਵਾਰ ਘੱਟ ਹੋਈ ਹੈ, ਉੱਥੇ ਇਸ ਦਾ ਅਸਰ ਪਸ਼ੂਆਂ ਦੇ ਚਾਰੇ ਲਈ ਵਰਤੀ ਜਾਂਦੀ ਤੂੜੀ ‘ਤੇ ਵੀ ਦਿਖਾਈ ਦੇਣ ਲੱਗ ਪਿਆ ਹੈ। ਇਸ ਸਾਲ ਕਣਕ (Wheat) ਦਾ ਝਾੜ ਘਟਣ ਕਾਰਨ ਤੂੜੀ ਦਾ ਝਾੜ ਇੰਨਾ ਘੱਟ ਨਿਕਲਿਆ ਹੈ ਕਿ ਪਹਿਲਾਂ 2 ਕਿੱਲੇ ਜਮੀਨ 'ਚੋਂ 6 ਟਰਾਲੀਆਂ ਤੂੜੀ ਨਿਕਲ ਆਉਂਦੀ ਸੀ, ਪਰ ਇਸ ਵਾਰ ਮਹਿਜ 2-3 ਟਰਾਲੀਆਂ ਤੂੜੀ ਹੀ ਨਿਕਲ ਸਕੀ ਹੈ। ਇਸ ਦੇ ਨਾਲ ਹੀ ਪਹਿਲਾਂ ਤੂੜੀ ਦੀ ਟਰਾਲੀ 1500 ਤੋਂ 2000 ਰੁਪਏ ਵਿੱਚ ਮਿਲ ਜਾਂਦੀ ਸੀ, ਪਰ ਹੁਣ ਤੂੜੀ ਦੀ ਟਰਾਲੀ 5000 ਰੁਪਏ ਵਿੱਚ ਮਿਲ ਰਹੀ ਹੈ, ਜਿਸ ਨੂੰ ਲੈਕੇ ਕਿਸਾਨ (Farmers) ਪ੍ਰੇਸ਼ਾਨ ਹਨ।
ਪੰਜਾਬ ਦੇ ਕਿਸਾਨ (Farmers of Punjab) ਕਣਕ ਦੀ ਘੱਟ ਪੈਦਾਵਾਰ ਹੋਣ ਕਾਰਣ ਪ੍ਰੇਸ਼ਾਨ ਹਨ, ਉੱਥੇ ਹੀ ਹੁਣ ਕਣਕ ਦੀ ਫ਼ਸਲ (Wheat crop) ‘ਚੋਂ ਨਿਕਲਣ ਵਾਲੀ ਤੂੜੀ ਦਾ ਝਾੜ ਘਟਣ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ। ਕਿਸਾਨਾਂ ਨੇ ਕਿਹਾ ਕਿ ਤੂੜੀ ਦਾ ਝਾੜ ਘਟਣ ਕਾਰਨ ਤੂੜੀ ਦਾ ਭਾਅ ਪਿਛਲੇ ਸਾਲ ਦੇ ਮੁਕਾਬਲੇ ਕਰੀਬ ਢਾਈ ਗੁਣਾ ਵੱਧ ਗਿਆ ਹੈ। ਮਾਨਸਾ ਦੇ ਪਿੰਡ ਭੈਣੀਬਾਘਾ (Bhainibagha village of Mansa) ਦੇ ਕਿਸਾਨਾਂ ਨੇ ਕਿਹਾ ਕਿ ਇਸ ਸਾਲ ਕਣਕ ਦੀ ਪੈਦਾਵਾਰ ਘਟਣ ਕਾਰਨ ਤੂੜੀ ਦਾ ਝਾੜ ਵੀ ਕਾਫੀ ਘੱਟ ਗਿਆ ਹੈ, ਜਿਸ ਕਾਰਨ ਤੂੜੀ ਦਾ ਭਾਅ ਵੱਧ ਗਿਆ ਹੈ।