ਮਾਨਸਾ: ਖੇਤੀ ਆਰਡੀਨੈਂਸਾਂ ਵਿਰੁੱਧ ਸਮੁੱਚਾ ਪੰਜਾਬ ਹੀ ਸੰਘਰਸ਼ ਦੇ ਰਾਹ ਤੁਰ ਪਿਆ ਹੈ। 25 ਸਤੰਬਰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਪੰਜਾਬ ਦੇ ਕਿਸਾਨ, ਮਜ਼ਦੂਰ, ਆੜ੍ਹਤੀਏ, ਵਪਾਰੀ ਸਮੇਤ ਹਰ ਵਰਗ ਨੇ ਵੱਡੇ ਪੱਧਰ 'ਤੇ ਸਫਲ ਕੀਤਾ ਹੈ। ਖੇਤੀ ਆਰਡੀਨੈਂਸ ਨੂੰ ਭਾਵੇਂ ਕੇਂਦਰ ਸਰਕਾਰ ਨੇ ਬਿੱਲਾਂ ਵਜੋਂ ਸੰਸਦ ਵਿੱਚ ਪਾਸ ਕਰਵਾ ਲਿਆ ਹੋਵੇ ਪਰ ਪੰਜਾਬ ਦੀ ਧਰਤੀ ਦੇ ਲੋਕ ਇਨ੍ਹਾਂ ਨੂੰ ਪਾਸ ਨਹੀਂ ਕਰ ਰਹੇ।
ਖੇਤੀ ਆਰਡੀਨੈਂਸਾਂ ਵਿਰੁੱਧ ਰੇਲ ਪਟੜੀਆਂ 'ਤੇ ਡੱਟੀਆਂ ਬਜ਼ੁਰਗ ਮਾਈਆਂ ਖੇਤੀ ਆਰਡੀਨੈਂਸਾਂ ਵਿਰੁੱਧ ਚੱਲ ਰਹੇ ਸੰਘਰਸ਼ ਵਿੱਚ ਕਿਸਾਨ ਵੀਰ ਤਾਂ ਸ਼ਾਮਲ ਹਨ ਹੀ ਪਰ ਇਨ੍ਹਾਂ ਸੰਘਰਸ਼ਾਂ ਵਿੱਚ ਪੰਜਾਬ ਦੀਆਂ ਕਿਸਾਨ ਬੀਬੀਆਂ ਵੀ ਕਿਸੇ ਗੱਲੋਂ ਪਿੱਛੇ ਨਹੀਂ ਹਨ। ਪੰਜਾਬੀ ਦੀ ਕਿਸਾਨੀ ਨਾਲ ਜੁੜੀ ਹੋਈ ਇੱਕ ਅਹਿਮ ਬੋਲੀ ਹੈ ਕਿ...
'ਤੇਰੇ ਨਾਲ ਵੱਢੂੰਗੀ ਹਾੜੀ ਵੇ ਦਾਤੀ ਨੂੰ ਲਵਾ ਦੇ ਘੁੰਗਰੂ'
ਕਿਸਾਨ ਸੰਘਰਸ਼ 'ਚ ਬੀਬੀਆਂ ਦੀ ਸ਼ਮੂਲੀਅਤ ਇਹ ਬੋਲੀ ਕਿਸਾਨ ਔਰਤਾਂ ਦੇ ਹੌਸਲੇ ਤੇ ਸਿਰੜ ਦੀ ਤਰਜ਼ਮਾਨੀ ਕਰਦੀ ਹੈ। ਪੰਜਾਬ ਦੀ ਕਿਸਾਨੀ 'ਚ ਔਰਤਾਂ ਦੀ ਅਹਿਮ ਥਾਂ ਹੈ। ਪੰਜਾਬੀ ਦੀ ਖੇਤੀਬਾੜੀ ਨੂੰ ਔਰਤ ਤੋਂ ਬਗ਼ੈਰ ਚਿਤਵਿਆ ਹੀ ਨਹੀਂ ਜਾ ਸਕਦਾ। ਫਿਰ ਜਦੋਂ ਕਿਸਾਨੀ ਨੂੰ ਬਚਾਉਣ ਲਈ ਸਾਰਾ ਪੰਜਾਬ ਸੜਕਾਂ ਤੇ ਰੇਲ ਪਟੜੀਆਂ ਦੱਬੀ ਬੈਠਾ ਹੈ ਤਾਂ ਇਹ ਉਹ ਸਿਰੜੀ ਔਰਤਾਂ ਕਿੱਥੋਂ ਪਿੱਛੇ ਰਹਿ ਸਕਦੀ ਹਨ। ਤਿੰਨ ਮਹੀਨਿਆਂ ਤੋਂ ਚੱਲ ਰਹੇ ਖੇਤੀ ਆਰਡੀਨੈਂਸਾਂ ਵਿਰੁੱਧ ਧਰਨਿਆਂ ਵਿੱਚ ਮਾਈ ਭਾਗੋ ਦੀਆਂ ਵਾਰਸ ਪੰਜਾਬ ਦੀਆਂ ਇਹ ਔਰਤਾਂ ਵੀ ਹੱਥਾਂ 'ਚ ਝੰਡੇ ਲਈ ਇਸ ਕਿਸਾਨੀ ਸੰਘਰਸ਼ 'ਚ ਦਿਨ ਰਾਤ ਡਟੀਆਂ ਹੋਈਆਂ ਹਨ।
ਕਿਸਾਨ ਸੰਘਰਸ਼ 'ਚ ਬੀਬੀਆਂ ਦੀ ਸ਼ਮੂਲੀਅਤ ਮਾਨਸਾ 'ਚ ਰੇਲਵੇ ਪਟੜੀ 'ਤੇ ਚੱਲ ਰਹੇ ਖੇਤੀ ਆਰਡੀਨੈਂਸਾਂ ਵਿਰੁੱਧ ਧਰਨੇ ਵਿੱਚ ਵੀ ਆਪਣੀ ਉਮਰ ਦੇ ਆਖ਼ਰੀ ਪੜਾਅ 'ਤੇ ਅੱਪੜੀਆਂ ਇਹ ਕਿਸਾਨ ਬੀਬੀਆਂ ਦੇ ਹੌਸਲੇ ਪੂਰੇ ਬੁਲੰਦ ਹਨ। ਇਨ੍ਹਾਂ ਬਜ਼ੁਰਗ ਕਿਸਾਨ ਬੀਬੀਆਂ ਵਿੱਚੋਂ ਬਹੁਤੀਆਂ ਕਿਸੇ ਨਾ ਕਿਸੇ ਸਰੀਰਕ ਤਕਲੀਫ ਦਾ ਸ਼ਿਕਾਰ ਹਨ ਪਰ ਇਸ ਦੇ ਬਾਵਜੂਦ ਆਪਣੇ ਵਜੂਦ ਦੀ ਲੜਾਈ ਵਿੱਚ ਕਿਸੇ ਤੋਂ ਪਿੱਛੇ ਨਹੀਂ ਹਨ।
ਕਿਸਾਨ ਸੰਘਰਸ਼ 'ਚ ਬੀਬੀਆਂ ਦੀ ਸ਼ਮੂਲੀਅਤ ਧਰਨੇ ਵਿੱਚ ਮੌਜੂਦ ਮਹਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਸਿਰ 'ਤੇ 6 ਲੱਖ ਦਾ ਕਰਜ਼ਾ ਹੈ ਅਤੇ ਇਸ ਕਾਰਨ ਉਨ੍ਹਾਂ ਦੇ ਪਤੀ ਨੇ ਖ਼ੁਦਕੁਸ਼ੀ ਕਰ ਲਈ ਸੀ। ਉਨ੍ਹਾਂ ਕਿਹਾ ਜਿਸ ਤਰ੍ਹਾਂ ਉਨ੍ਹਾਂ ਦੀ ਜਿਣਸ ਪਹਿਲਾਂ ਵਿਕ ਰਹੀ ਸੀ ਉਵੇਂ ਉਹ ਹੀ ਵਿਕਦੀ ਰਹੇ। ਉਨ੍ਹਾਂ ਕਿਹਾ ਕਿ ਇਹ ਕਾਲੇ ਕਾਨੂੰਨ ਜਲਦ ਵਾਪਸ ਕੀਤੇ ਜਾਣ।
ਪੰਜਾਬ ਦੀ ਧਰਤੀ ਸ਼ੁਰੂ ਹੀ ਤੋਂ ਵੱਡੀਆਂ ਧਾੜਾਂ ਦਾ ਮੁਕਾਬਲਾ ਕਰਦੀ ਆਈ ਹੈ। ਇਹ ਕਿਸਾਨ ਬੀਬੀਆਂ ਅੱਜ ਵੀ ਮਾਈ ਭਾਗੋ, ਗਦਰੀ ਬੀਬੀ ਗੁਲਾਬ ਕੌਰ, ਅਰੁਣਾ ਅਸਿਫ ਅਲੀ ਅਤੇ ਭਾਬੀ ਦੁਰਗਾ ਦੀਆਂ ਵਾਰਸ ਬਣ ਸੰਘਰਸ਼ ਦੇ ਮੈਦਾਨ 'ਚ ਦਹਾੜ ਰਹੀਆਂ ਹਨ।