ਮਾਨਸਾ: ਪਿੰਡ ਝੰਡਾ ਕਲਾਂ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜਿੱਥੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਛਾਉਣੀ ਨਹਿੰਗ ਸਿੰਘਾਂ ਬੁੱਢਾ ਦਲ ਸਸ਼ੋਬਿਤ ਹੈ। ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚ ਕੇ ਨਤਮਸਤਕ ਹੋ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਦੇ ਲਈ ਅਰਦਾਸ ਬੇਨਤੀ ਕਰਦੀ ਹੈ।
ਮਾਨਸਾ ਦੇ ਪਿੰਡ ਝੰਡਾ ਕਲਾਂ ਦਾ ਕੀ ਹੈ ਇਤਿਹਾਸ? ਇਤਿਹਾਸ
ਗੁਰਦੁਆਰਾ ਝੰਡਾ ਸਾਹਿਬ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਨੇੜੇ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਇਤਿਹਾਸਕ ਮਹੱਤਤਾ ਰੱਖਣ ਵਾਲਾ ਨਗਰ ਹੈ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੰਗਾਂ ਯੁੱਧਾਂ ਤੋਂ ਬਾਅਦ ਦਮਦਮਾ ਸਾਹਿਬ ਦੀ ਧਰਤੀ 'ਤੇ ਆ ਕੇ ਬਿਰਾਜੇ, ਉਸ ਸਮੇਂ ਇਸ ਪਿੰਡ ਵਿੱਚ ਇੱਕ ਸਾਈਂ ਵਲੈਤ ਸ਼ਾਹ ਫ਼ਕੀਰ ਰਿਹਾ ਕਰਦਾ ਸੀ। ਉਹ ਰੋਜ਼ ਦਾ ਨਿੱਤ ਨੇਮ ਕਰਨ ਤੋਂ ਉਪਰੰਤ ਪਿੰਡ ਝੰਡਾ ਕਲਾਂ ਤੋਂ ਦਮਦਮਾ ਸਾਹਿਬ ਦੇ ਰਾਹ ਉੱਤੇ ਜਲ ਛਿੜਕਦੇ ਅਤੇ ਝਾੜੂ ਦੀ ਸੇਵਾ ਕਰਿਆ ਕਰਦੇ ਸੀ।
ਲੋਕਾਂ ਦੇ ਪੁੱਛਣ ਤੇ ਕਿ ਆਪ ਜੀ ਇੱਥੇ ਹੀ ਕਿਉਂ ਪਾਣੀ ਛਿੜਕਦੇ ਹੋ ਹੋਰ ਕਿਤੇ ਕਿਉਂ ਨਹੀਂ? ਤਾਂ ਸਾਈਂ ਵਲੈਤ ਸ਼ਾਹ ਜੀ ਕਹਿੰਦੇ ਕਿ ਇਸ ਰਾਹ ਤੇ ਮੇਰਾ ਰੰਗਲਾ ਮਾਹੀ ਆ ਰਿਹਾ ਹੈ। ਸਾਈਂ ਜੀ ਦੇ ਪ੍ਰੇਮ ਦੀ ਬਿਹਬਲਤਾ ਨੂੰ ਵੇਖ ਕੇ ਅੰਤਰਜਾਮੀ ਸਤਿਗੁਰੂ ਦਮਦਮਾ ਸਾਹਿਬ ਤੋਂ ਚੱਲ ਕੇ ਪਿੰਡ ਝੰਡਾ ਕਲਾਂ ਵਿਖੇ ਆ ਬਿਰਾਜੇ ਅਤੇ ਸਾਈਂ ਜੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ।
ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਹੋਣ ਕਰਕੇ ਇੱਥੇ ਇਤਿਹਾਸਕ ਗੁਰੂਦੁਆਰਾ ਸਾਹਿਬ ਬਣਾਇਆ ਗਿਆ ਜਿੱਥੇ ਹਰ ਵੀਰਵਾਰ ਭਾਰੀ ਮੇਲਾ ਭਰਦਾ ਹੈ ਅਤੇ ਹਰ ਮੱਸਿਆ ਨੂੰ ਇੱਥੇ ਮੇਲਾ ਲਗਦਾ ਹੈ। ਇਸ ਥਾਂ ਉਤੇ ਦੂਰੋਂ ਨੇੜਿਓਂ ਲੋਕ ਚੱਲ ਕੇ ਨਤਮਸਤਕ ਹੋਣ ਆਉਂਦੇ ਹਨ।