ਮਾਨਸਾ: ਝੋਨੇ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਅਤੇ ਇਸੇ ਨਾਲ ਹੀ ਪਰਾਲੀ ਨੂੰ ਸਾੜਣ ਦਾ ਸਿਲਸਲਾ ਵੀ ਸ਼ੁਰੂ ਹੋ ਚੁੱਕਿਆ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਪ੍ਰਸ਼ਾਸਨ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ। ਇਸ ਵਿਚਕਾਰ ਮਾਨਸਾ ਦੇ ਉਪ-ਮੰਡਲ ਮੈਜਿਸਟ੍ਰੇਟ ਨੇ ਅਜੀਬ ਫੁਰਮਾਨ ਜਾਰੀ ਕੀਤਾ ਹੈ। ਐੱਸਡੀਐੱਮ ਨੇ ਆਪਣੇ ਫੁਰਮਾਨ ਵਿੱਚ ਪਰਾਲੀ ਨੂੰ ਅੱਗ ਲਗਾ ਰਹੇ ਕਿਸਾਨਾਂ ਦੀਆਂ ਫੋਟੋਆਂ ਖਿੱਚਣ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਹਨ। ਪ੍ਰਸ਼ਾਸਨ ਦੇ ਇਸ ਫੈਸਲੇ ਵਿਰੁੱਧ ਜ਼ਿਲ੍ਹੇ ਦੇ ਅਧਿਆਪਕਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਪ੍ਰਦਰਸ਼ਨ ਕੀਤਾ।
ਅਧਿਆਪਕ ਗੁਰਪਿਆਰ ਸਿੰਘ ਨੇ ਕਿਹਾ ਕਿ ਸਰਕਾਰ ਜਾਣਬੁੱਝ ਕੇ ਅਧਿਆਪਕ ਵਰਗ ਨੂੰ ਖੱਜਲ-ਖੁਆਰ ਕਰ ਰਹੀ ਹੈ। ਉਨ੍ਹਾਂ ਕਿਹਾ ਪ੍ਰਸ਼ਾਸਨ ਨੇ ਕਿਸਾਨਾਂ ਦੇ ਪਰਾਲੀ ਸਾੜੇ ਜਾਣ ਦੀਆਂ ਫੋਟੋ ਖਿੱਚਣ ਲਈ ਡਿਊਟੀ ਲਗਾਈ ਹੈ। ਉਨ੍ਹਾਂ ਕਿਹਾ ਇਸ ਸਮੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਲੜਾਈ ਲਈ ਅਧਿਆਪਕਾਂ ਨੂੰ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਅਜਿਹੀਆਂ ਡਿਊਟੀਆਂ ਲਈ ਨਹੀਂ ਹੁੰਦੇ।