ਮੀਂਹ ਅਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਫ਼ਸਲ ਹੋਈ ਤਬਾਹ ਮਾਨਸਾ: 10 ਦਿਨਾਂ ਤੱਕ ਕਿਸਾਨਾਂ ਨੇ ਵਾਡੀ ਦਾ ਕੰਮ ਸ਼ੁਰੂ ਕਰਨਾ ਸੀ। ਜਿਸ ਨੂੰ ਲੈ ਕੇ ਕਿਸਾਨਾਂ ਦੇ ਚਿਹਰੇ ਉੱਤੇ ਰੋਣਕ ਸੀ ਅਤੇ ਖੈਰ ਮਨਾ ਰਹੇ ਸੀ ਕਿ ਉਨ੍ਹਾਂ ਦੀ ਕੁੱਲੀ ਵਿੱਚ ਚਾਰ ਦਾਣੇ ਆਉਣਗੇ, ਪਰ ਸ਼ਾਇਦ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਕੁਦਰਤੀ ਕਰੋਪੀ ਕਾਰਨ ਕਿਸਾਨਾਂ ਦੀ ਸਾਰੀ ਪੱਕੀ ਕਣਕ ਖ਼ਰਾਬ ਹੋ ਗਈ ਹੈ।ਮਾਨਸਾ ਜ਼ਿਲ੍ਹੇ ਵਿੱਚ ਬੀਤੇ ਕੱਲ ਹੋਈ ਗੜ੍ਹੇਮਾਰੀ ਅਤੇ ਤੇਜ਼ ਬਾਰਿਸ਼ ਦੇ ਨਾਲ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਚੁੱਕੀਆਂ ਹੈ। 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਗੜ੍ਹੇ ਮੌਜੂਦ ਹਨ ਪਰ ਕਿਸਾਨਾਂ ਦੀ ਕਣਕ ਦੀ ਫਸਲ ਬਿਲਕੁਲ ਤਬਾਹ ਹੋ ਚੁੱਕੀ ਹੈ।
ਉਮੀਦਾਂ ਉੱਤੇ ਪਿਆ ਪਾਣੀ: 6 ਮਹੀਨੇ ਤੋਂ ਪੁੱਤਾਂ ਵਾਂਗ ਪਾਲੀ ਫ਼ਸਲ ਤੋਂ ਕਿਸਾਨਾਂ ਨੂੰ ਬਹੁਤ ਉਮੀਦਾਂ ਸਨ ਪਰ ਕਿਸਾਨਾਂ ਦੀਆਂ ਉਮੀਦਾਂ ਉੱਤੇ ਇੱਕ ਬਾਰ ਫਿਰ ਬੇਮੌਸਮੀ ਬਾਰਿਸ਼ ਅਤੇ ਗੜ੍ਹੇਮਾਰੀ ਨੇ ਪਾਣੀ ਫੇਰ ਦਿੱਤਾ ਹੈ। ਮਾਨਸਾ ਦੇ ਹਲਕਾ ਸਰਦੂਲਗੜ੍ਹ 'ਚ ਹੋਈ ਭਾਰੀ ਗੜੇਮਾਰੀ ਦੇ ਕਾਰਨ ਕਿਸਾਨਾਂ ਦੀ ਕਣਕ ਫਸਲ ਬਰਬਾਦ ਹੋ ਚੁੱਕੀ ਹੈ। ਬਰਸਾਤ ਨੇ ਕਣਕ ਦੀਆਂ ਬੱਲੀਆਂ ਤੱਕ ਝਾੜ ਦਿੱਤੀਆਂ ਹਨ। ਜਿਸ ਕਾਰਨ ਕਿਸਾਨਾਂ ਦਾ ਕਹਿਣਾ ਕਿ ਇਸ ਬਾਰ ਹਾਲਾਤ ਇਹ ਹੋ ਗਏ ਹਨ ਕਿ ਅਸੀਂ ਆਪ ਵੀ ਭੁੱਖੇ ਮਰਾਂਗੇ ਅਤੇ ਪਸ਼ੂ ਵੀ ਭੁੱਖੇ ਮਰਨਗੇ, ਕਿਉਂਕਿ ਸਾਡੇ ਕੋਲ ਖਾਣ ਲਈ ਦਾਣੇ ਨਹੀਂ ਅਤੇ ਪਸ਼ੂਆਂ ਨੂੰ ਪਾਉਣ ਲਈ ਚਾਰਾ ਵੀ ਨਹੀਂ ਹੈ। ਕਿਸਾਨਾਂ ਨੇ ਕਿਹਾ ਅਸੀਂ ਬੁਰੀ ਤਰਾਂ੍ਹ ਟੁੱਟ ਚੁੱਕੇ ਹਾਂ।
ਸਰਕਾਰ ਤੋਂ ਮਦਦ ਦੀ ਆਸ:ਤਬਾਹ ਹੋਈ ਫ਼ਸਲ ਨੂੰ ਦੇਖ ਕੇ ਕਿਸਾਨਾਂ ਦੀਆਂ ਅੱਖਾਂ 'ਚ ਦਰਦ ਸਾਫ਼ ਦੇਖਿਆ ਜਾ ਸਕਦਾ ਹੈ। ਜਿਸ ਕਾਰਨ ਦੁਖੀ ਕਿਸਾਨਾਂ ਨੇ ਸਰਕਾਰ ਤੋਂ ਸੌ ਫ਼ੀਸਦੀ ਨੁਕਸਾਨ ਐਲਾਨ ਕੇ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਦੁਖੀ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਠੇਕੇ ਉੱਤੇ ਜ਼ਮੀਨ ਲੈ ਕੇ ਕਣਕ ਦੀ ਬਿਜਾਈ ਕੀਤੀ ਗਈ ਸੀ ਪਰ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨੇ ਕਣਕ ਦੀ ਫ਼ਸਲ ਨੂੰ ਬਿਲਕੁਲ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪੱਲੇ ਹੁਣ ਕੁਝ ਵੀ ਨਹੀਂ ਪਵੇਗਾ ਜਿਸ ਕਾਰਨ ਹੁਣ ਕਿਸਾਨਾਂ ਦੇ ਸਿਰ ਕਰਜੇ ਦਾ ਬੋਝ ਹੋਰ ਵਧੇਗਾ । ਉਨ੍ਹਾਂ ਕਿਹਾ ਕਿ ਅਜੇ ਤੱਕ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਕਿਸਾਨਾਂ ਦੇ ਖੇਤਾਂ ਵਿਚ ਆ ਕੇ ਉਹਨਾਂ ਦੀ ਸਾਰ ਨਹੀਂ ਲਈ।
ਕਿਸਾਨਾਂ ਨੇ ਕਿਹਾ ਕਿ ਸਰਕਾਰ ਤੁਰੰਤ ਉਨ੍ਹਾਂ ਦੇ ਖੇਤਾਂ ਦੀ ਗਿਰਦਾਵਰੀ ਕਰਵਾ ਕੇ ਸੌ ਫ਼ੀਸਦੀ ਨੁਕਸਾਨ ਹੋਣ ਦੇ ਲਈ ਤੁਰੰਤ ਮੁਆਵਜ਼ਾ ਜਾਰੀ ਕਰੇ ਤਾਂ ਕਿ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ । ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਤਾਂ ਖੁਦਕੁਸ਼ੀਆਂ ਦੇ ਵਿੱਚ ਵਾਧਾ ਹੋਵੇਗਾ ਕਿਉਂਕਿ ਕਿਸਾਨਾਂ ਦੇ ਕੋਲ ਹੋਰ ਕੋਈ ਰਾਹ ਨਹੀਂ ਜਿਸ ਕਾਰਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਆਖਿਆ ਕਿ ਜੇਕਰ ਸਰਕਾਰ ਜਲਦੀ ਕਿਸਾਨਾਂ ਦੀ ਮੰਗ ਨਹੀਂ ਮੰਨਦੀ ਤਾਂ ਕਿਸਾਨ ਅਤੇ ਮਜ਼ਦੂਰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਇਹ ਵੀ ਪੜ੍ਹੋ:ਜੇਲ੍ਹ ਤੋਂ ਰਿਹਾਅ ਹੋਏ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਪਹੁੰਚਣ ਤੇ ਲੋਕਾਂ ਨੇ ਕੀਤਾ ਨਿੱਘਾ ਸਵਾਗਤ