ਮਾਨਸਾ:ਪੰਜਾਬ ਵਿੱਚ ਨਸ਼ਿਆਂ ਦੇ ਕਾਰਨ ਨਿੱਤ ਦੇ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਬੇਸ਼ੱਕ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਪਰ ਲਗਾਤਾਰ ਨਸ਼ੇ ਦਾ ਓਵਰਡੋਜ਼ ਪੰਜਾਬ ਦੀ ਨੌਜਵਾਨੀ ਨਿਗਲ ਰਿਹਾ ਹੈ। ਨਾ ਸਿਰਫ਼ ਲੜਕੇ, ਬਲਕਿ ਲੜਕੀਆਂ ਵੱਲੋਂ ਨਸ਼ੇ ਦੇ ਸੇਵਨ ਤੋਂ ਬਾਅਦ ਦੀਆਂ ਵੀ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਉਦੀਆਂ ਹਨ। ਹੁਣ ਮਾਨਸਾ ਸ਼ਹਿਰ ਵਿੱਚ ਨਸ਼ੇ ਦੀ ਦਲਦਲ ਵਿੱਚ ਫਸੀ ਇੱਕ 25-26 ਸਾਲਾ ਨੌਜਵਾਨ ਲੜਕੀ ਦੀ ਆਪਣਾ ਇਲਾਜ ਕਰਵਾਉਣ ਲਈ ਗੁਹਾਰ ਲਗਾ ਰਹੀ ਹੈ।
ਨਸ਼ੇ ਕਾਰਨ ਲੱਤ 'ਚ ਹੋ ਚੁੱਕੀ ਇਨਫੈਕਸ਼ਨ:ਮਾਨਸਾ ਸ਼ਹਿਰ ਵਿੱਚ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਨੌਜਵਾਨ 25-26 ਸਾਲਾ ਲੜਕੀ ਨਸ਼ੇ ਦੀ ਗ੍ਰਿਫ਼ਤ ਵਿੱਚ ਆ ਗਈ ਅਤੇ ਅੱਜ ਨਸ਼ੇ ਨੇ ਉਸ ਦੀ ਹਾਲਤ ਅਜਿਹੀ ਕਰ ਦਿੱਤੀ ਹੈ ਕਿ ਉਹ ਆਪਣਾ ਇਲਾਜ ਕਰਵਾਉਣ ਲਈ ਪੁਲਿਸ ਤੋਂ ਮਦਦ ਦੀ ਗੁਹਾਰ ਲਗਾ ਰਹੀ ਹੈ। ਮਜ਼ਦੂਰੀ ਕਰਨ ਵਾਲੇ ਮਜ਼ਦੂਰਾਂ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਨਸ਼ਾ ਕਰਦੀ ਹੈ। ਇੱਥੇ ਹੀ ਰਾਤ ਸਮੇਂ ਰਾਤਾਂ ਗੁਜ਼ਾਰਦੀ ਹੈ ਅਤੇ ਉਸ ਦੀ ਲੱਤ ਵਿੱਚ ਨਸ਼ੇ ਦਾ ਇੰਜੈਕਸ਼ਨ ਲਾਉਣ ਕਾਰਨ ਹੁਣ ਉਸ ਦੇ ਇਨਫੈਕਸ਼ਨ ਹੋ ਚੁੱਕਾ ਹੈ।
ਇਸ ਦੇ ਨਾਲ ਹੀ, ਲੜਕੀ ਦੀ ਹਾਲਤ ਵੀ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੈ। ਮੌਜੂਦ ਲੋਕਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਤੁਰੰਤ ਇਸ ਲੜਕੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿਸ ਦਾ ਇਲਾਜ ਸ਼ੁਰੂ ਕਰਵਾਇਆ ਜਾਵੇ।
ਭਰਾ ਤੋਂ ਲਿਆ ਸੀ ਪਹਿਲਾਂ ਨਸ਼ੇ ਦਾ ਟੀਕਾ:ਨਸ਼ੇ ਤੋਂ ਪੀੜਤ ਲੜਕੀ ਨੇ ਦੱਸਿਆ ਕਿ ਉਹ ਮਾਨਸਾ ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਦੀ ਹੈ ਅਤੇ ਉਸ ਨੂੰ ਕਾਫ਼ੀ ਸਮੇਂ ਤੋਂ ਨਸ਼ੇ ਦੀ ਲੱਤ ਹੈ। ਉਸ ਨੇ ਸਭ ਤੋਂ ਪਹਿਲਾਂ ਆਪਣੇ ਭਰਾ ਤੋਂ ਨਸ਼ੇ ਦਾ ਇੰਜੈਕਸ਼ਨ ਲਾਇਆ ਸੀ ਜਿਸ ਤੋਂ ਬਾਅਦ ਉਸ ਨੂੰ ਨਸ਼ੇ ਦੀ ਆਦਤ ਪੈ ਗਈ। ਉਸ ਨੇ ਦੱਸਿਆ ਕਿ ਉਹ ਚਿੱਟੇ ਦੇ ਟੀਕੇ ਲਾਉਂਦੀ ਰਹੀ ਅਤੇ ਮੈਡੀਕਲ ਸਟੋਰਾਂ ਤੋਂ ਲੈ ਕੇ ਖਾਂਦੀ ਰਹੀ, ਪਰ ਅੱਜ ਉਹ ਨਸ਼ੇ ਦੇ ਕਾਰਨ ਉਸ ਦੀ ਹਾਲਤ ਇੰਨੀ ਨਾਜ਼ੁਕ ਬਣ ਚੁੱਕੀ ਹੈ ਅਤੇ ਇਲਾਜ ਦੀ ਮੰਗ ਕਰ ਰਹੀ ਹੈ।