ਮਾਨਸਾ: ਜ਼ਿਲ੍ਹੇ ਦੇ ਕਸਬੇ ਝੁਨੀਰ ਦੇ ਸਰਕਾਰੀ ਸਕੂਲ 'ਚ ਪੜ੍ਹ ਰਹੇ ਨੌਵੀਂ ਜਮਾਤ ਦੇ ਅਪਾਹਜ ਵਿਦਿਆਰਥੀ ਨੂੰ ਸਕੂਲ ਦੀ 88 ਰੁਪਏ ਦੀ ਫੀਸ ਨਾ ਦੇਣ 'ਤੇ ਸਕੂਲ ਤੋਂ ਨਾਂਅ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀ ਦੀ ਮਾਂ (ਪਰਮਜੀਤ ਕੌਰ) ਨੂੰ ਚੰਡੀਗੜ੍ਹ ਜਾ ਕੇ ਵੱਡੇ ਅਫਸਰਾਂ ਤੋਂ ਆਦੇਸ਼ ਲੈ ਕੇ ਆਉਣ ਲਈ ਕਿਹਾ।
ਇਹ ਵੀ ਪੜ੍ਹੋ: ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ 11ਵਾਂ ਫੁੱਟਬਾਲ ਟੂਰਨਾਮੈਂਟ
ਦੱਸ ਦੇਇਏ ਕਿ ਅਪਾਹਜ ਵਿਦਿਆਰਥੀ(ਗੋਪਾਲ) ਨੂੰ ਅਤੇ ਉਸ ਦੀ ਮਾਂ ਨੂੰ ਨਾਂਅ ਕੱਟਣ ਦਾ ਕੋਈ ਕਾਰਨ ਨਾ ਦੱਸਦੇ ਹੋਏ ਉਸ ਦਾ ਸਕੂਲ ਚੋਂ ਨਾਂਅ ਕੱਟ ਦਿੱਤਾ।
ਇਸ ਵਿਸ਼ੇ 'ਤੇ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀਆਂ 6 ਕੁੜੀਆਂ ਹਨ ਤੇ ਇੱਕ ਮੁੰਡਾ ਹੈ ਜੋ ਅਪਾਹਜ ਹੈ। ਉਨ੍ਹਾਂ ਨੇ ਦੱਸਿਆ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਕਈ ਵਾਰ ਫ਼ੀਸ ਜਮ੍ਹਾਂ ਕਰਵਾਈ ਹੈ ਪਰ ਉਹ ਹਰ 15 ਦਿਨਾਂ ਬਾਅਦ ਹੀ ਫੀਸ ਮੰਗਣੀ ਸ਼ੁਰੂ ਕਰ ਦਿੰਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਪ੍ਰਿੰਸੀਪਲ ਨੇ ਗੋਪਾਲ ਦਾ ਨਾਂ ਕੱਟਿਆ ਤਾਂ ਉਸ ਨੇ ਕਿਸੇ ਤਰ੍ਹਾਂ ਦੀ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ। ਪ੍ਰਿੰਸੀਪਲ ਨੇ ਸਿੱਧਾ ਹੀ ਕਹਿ ਦਿੱਤਾ ਕਿ ਹੁਣ ਤੋਂ ਸਕੂਲ ਨਾ ਆਇਆ ਕਰੇ, ਉਸ ਦਾ ਨਾਂ ਕੱਟ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਕਾਰਨ ਪੁੱਛਿਆ ਤਾਂ ਉਸ ਨੇ ਇੰਨ੍ਹਾਂ ਹੀ ਕਹਿ ਦਿੱਤਾ ਕਿ ਚੰਡੀਗੜ੍ਹ ਜਾ ਕੇ ਵੱਡੇ ਅਫਸਰਾਂ ਨੂੰ ਮਿਲ ਕੇ ਆਦੇਸ਼ ਪੱਤਰ ਲੈ ਕੇ ਆਉ।
ਇਸ ਸੰਬੰਧ 'ਚ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਗੋਪਾਲ ਸਿੰਘ 20/08/2019 ਤੋਂ ਸਕੂਲ ਵਿਚੋਂ ਗੈਰ ਹਾਜ਼ਰ ਰਿਹਾ ਹੈ ਜਿਸ ਕਾਰਨ ਸਿੱਖਿਆ ਬੋਰਡ ਦੇ ਨਿਯਮਾਂ ਅਨੁਸਾਰ 6 ਦਿਨ ਬਾਅਦ ਇਸ ਦਾ ਸਕੂਲ ਚੋਂ ਨਾਮ ਕੱਟ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਦੋ ਮਹੀਨੇ ਬਾਅਦ ਇਸ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਇਸ ਕਰਕੇ ਉਨ੍ਹਾਂ ਨੂੰ ਸਿੱਖਿਆ ਬੋਰਡ ਤੋਂ ਮਨਜ਼ੂਰੀ ਲਿਆਉਣ ਦੀ ਗੱਲ ਕੀਤੀ।