ਪੰਜਾਬ

punjab

ETV Bharat / state

ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਨੂੰ ਆਈ ਰਾਸ - ਖਰਚਿਆਂ ਵਿੱਚ ਆਈ ਕਮੀ

ਕੋਰੋਨਾ ਵਾਇਰਸ ਕਾਰਨ ਮਜ਼ਦੂਰਾਂ ਦੀ ਘਾਟ ਦਾ ਵੱਡਾ ਸੰਕਟ ਹੋ ਗਿਆ ਸੀ, ਜਿਸ ਦੇ ਚੱਲਦੇ ਖੇਤੀਬਾੜੀ ਮਹਿਕਮੇ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਬਾਰੇ ਸਿਖਲਾਈ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਵਿੱਚ ਕਿਸਾਨਾਂ ਨੂੰ ਕੁਦਰਤੀ ਸੋਮੇ ਪਾਣੀ ਦਾ ਬਚਾਅ ਕਰਨ ਲਈ ਪ੍ਰੇਰਿਤ ਕੀਤਾ ਗਿਆ। ਮਾਨਸਾ ਵਿੱਚ ਕਰੀਬ 7 ਹਜਾਰ ਏਕੜ ਜ਼ਮੀਨ ਵਿੱਚ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਜਿਸ ਦੇ ਮਗਰੋਂ ਖਰਚਾ ਬਚਣ ਕਾਰਨ ਕਿਸਾਨ ਖੁਸ਼ ਨਜ਼ਰ ਆ ਰਹੇ ਨੇ।

Direct sowing of paddy has benefited the farmers
ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਨੂੰ ਆਈ ਰਾਸ

By

Published : Aug 30, 2020, 12:50 PM IST

ਮਾਨਸਾ: ਇਸ ਸਾਲ ਕੋਵਿਡ-19 ਦੇ ਚੱਲਦਿਆਂ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਸੀ ਕਿ ਉਹ ਲੇਬਰ ਦੀ ਘਾਟ ਦੇ ਮੱਦੇਨਜ਼ਰ ਝੋਨੇ ਦੀ ਸਿੱਧੀ ਬਿਜਾਈ ਕਰਨ। ਹਾਲਾਂਕਿ ਪਹਿਲਾਂ ਵੀ ਇਸ ਤਕਨੀਕ ਨਾਲ ਕਿਸਾਨ ਬਿਜਾਈ ਕਰਦੇ ਸਨ ਪਰ ਉਨ੍ਹਾਂ ਦੀ ਤਦਾਦ ਘੱਟ ਸੀ ਪਰ ਇਸ ਵਾਰ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਸ ਤਕਨੀਕ ਨੂੰ ਅਜਮਾਇਆ ਹੈ ਤੇ ਹੁਣ ਜਦ ਫਸਲ ਲਗਭਗ 2 ਮਹੀਨੇ ਦੀ ਹੋ ਗਈ ਹੈ ਤਾਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਲਾਗਤ ਖਰਚਿਆਂ ਵਿੱਚ ਆਈ ਕਮੀ ਤੋਂ ਖੁਸ਼ ਹਨ।

ਮਾਨਸਾ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਵੱਲੋਂ 7 ਹਜ਼ਾਰ ਏਕੜ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ। ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 25 ਏਕੜ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਪਹਿਲੀ ਵਾਰ ਕੀਤੀ ਹੈ। ਉਨ੍ਹਾਂ ਦਾ 5 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰਚਾ ਬਚਿਆ ਹੈ। ਉਨ੍ਹਾਂ ਕਿਹਾ ਕਿ ਲੇਬਰ ਅਤੇ ਕੱਦੂ ਕਰਨ ਦਾ ਖਰਚਾ ਵੀ ਬਚਿਆ ਹੈ। ਅਜੇ ਤੱਕ ਉਨ੍ਹਾਂ ਵੱਲੋਂ ਸਿੱਧੀ ਬਿਜਾਈ ਦੇ ਝੋਨੇ ਤੇ ਕੋਈ ਵੀ ਪੈਸਟੀਸਾਈਡ ਨਹੀਂ ਵਰਤਿਆ ਗਿਆ।

ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਨੂੰ ਆਈ ਰਾਸ

ਕਿਸਾਨ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਤਿੰਨ ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ ਅਤੇ ਖੇਤਾਂ ਵਿੱਚ ਬਹੁਤ ਹੀ ਵਧੀਆ ਝੋਨੇ ਦੀ ਫਸਲ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਦੂਜੇ ਝੋਨੇ ਦੇ ਨਾਲੋਂ ਇਸ ਉੱਪਰ ਖਰਚਾ ਬਹੁਤ ਘੱਟ ਹੋਇਆ ਹੈ। ਉਨ੍ਹਾਂ ਹੋਰ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਉਹ ਅਗਲੇ ਸਾਲ ਸਿੱਧੀ ਬਿਜਾਈ ਕਰਨ ਦੇ ਲਈ ਰਕਬਾ ਹੋਰ ਵੀ ਵਧਾਉਣਗੇ।

ਖੇਤੀਬਾੜੀ ਬਲਾਕ ਅਫ਼ਸਰ ਡਾ. ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ 7 ਹਜ਼ਾਰ ਏਕੜ ਤੋਂ ਵੱਧ ਕਿਸਾਨਾਂ ਨੇ ਸਿੱਧੀ ਬਿਜਾਈ ਕਰਨ ਦੇ ਲਈ ਮਾਨਸਾ ਜ਼ਿਲ੍ਹੇ ਵਿੱਚ ਰਕਬਾ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਝੁਨੀਰ ਬਲਾਕ ਜੋ ਨਰਮੇ ਦਾ ਇਲਾਕਾ ਮੰਨਿਆ ਜਾਂਦਾ ਹੈ ਇੱਥੇ ਵੀ ਨਰਮੇ ਵਾਲੇ ਕਿਸਾਨਾਂ ਨੇ ਇੱਕ ਹਜ਼ਾਰ ਤੋਂ ਵੱਧ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਇਸ ਦੇ ਲਈ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਜਾਗਰੂਕ ਕੀਤਾ ਗਿਆ ਕਿਸਾਨ ਸਿਖਲਾਈ ਕੈਂਪਾਂ ਦੇ ਵਿੱਚ ਦੱਸਿਆ ਕਿ ਵਾਤਾਵਰਣ ਦਾ ਕੁਦਰਤੀ ਅੰਗ ਪਾਣੀ ਦੀ ਬੱਚਤ ਘੱਟੋ ਘੱਟ 15 ਤੋਂ 20 ਫੀਸਦੀ ਬਚਦਾ ਹੈ ਅਤੇ ਇਸ ਦੇ ਨਾਲ ਹੀ ਲੇਬਰ ਦਾ ਖਰਚਾ ਬਚਦਾ ਹੈ ਤੇ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਘੱਟਦੀਆਂ ਹਨ।

ABOUT THE AUTHOR

...view details