ਮਾਂ ਬੋਲੀ ਨੂੰ ਸਮਰਪਿਤ ਭਾਸ਼ਾ ਵਿਭਾਗ ਨੇ ਬਹਿਣੀਵਾਲ ਸਕੂਲ 'ਚ ਕਰਵਾਇਆ ਸੈਮੀਨਾਰ ਮਾਨਸਾ : ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਵੱਲੋ ਯਤਨ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਤੇ ਸੰਸਥਾਵਾਂ ਉਤੇ ਸਾਈਨ ਬੋਰਡ ਆਦਿ ਪੰਜਾਬੀ ਵਿੱਚ ਲਿਖਣ ਦੇ ਹੁਕਮ ਜਾਰੀ ਕੀਤੇ ਹਨ। ਇਸੇ ਤਰਜ਼ ਉਤੇ ਭਾਸ਼ਾ ਵਿਭਾਗ ਵੱਲੋਂ ਵੀ ਜ਼ਿਲ੍ਹੇ ਭਰ ਵਿੱਚ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਰਿਹਾ ਹੈ।
ਅੱਜ ਮਾਨਸਾ ਦੇ ਪਿੰਡ ਬਹਿਣੀਵਾਲ ਵਿਖੇ ਸਰਕਾਰੀ ਸਕੂਲ ਵਿਖੇ ਪੰਜਾਬੀ ਭਾਸ਼ਾ ਨਾਲ ਸਬੰਧਿਤ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਸਮਾਜਸੇਵੀ ਹਰਪ੍ਰੀਤ ਬਹਿਣੀਵਾਲ ਵੱਲੋਂ ਆਪਣੇ ਪੁਰਖਿਆਂ ਦੀ ਯਾਦ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਨੂੰ ਸਮਰਪਿਤ ਕਰਦਿਆਂ ਲੇਖਕਾਂ, ਕਹਾਣੀਕਾਰਾਂ, ਸਹਿਤਕਾਰਾ ਤੇ ਵੱਖ-ਵੱਖ ਵਿਦਵਾਨਾਂ ਨੂੰ ਬੁਲਾ ਕੇ ਪੰਜਾਬੀ ਭਾਸ਼ਾ ਉਤੇ ਸੈਮੀਨਾਰ ਕਰਵਾਇਆ।
ਇਹ ਵੀ ਪੜ੍ਹੋ :Extortion From Merchants Case: ਬਠਿੰਡਾ ਜੇਲ੍ਹ ਨਾਲ ਜੁੜੀ ਵਪਾਰੀਆਂ ਕੋਲੋਂ ਫਿਰੌਤੀ ਮੰਗਣ ਦੇ ਮਾਮਲੇ ਦੀ ਤਾਰ
ਇਸ ਮੌਕੇ ਤੇਜਿੰਦਰ ਕੌਰ ਜ਼ਿਲ੍ਹਾ ਭਾਸ਼ਾ ਵਿਭਾਗ ਅਫ਼ਸਰ ਨੇ ਕਿਹਾ ਕਿ ਸਾਡੀ ਆਪਣੇ ਜ਼ਿਲ੍ਹੇ, ਖੇਤਰ ਵਿਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਥੋਂ ਦੀਆਂ ਦੁਕਾਨਾਂ ਸਾਈਨ ਬੋਰਡਾਂ ਆਦਿ ਉਤੇ ਪੰਜਾਬੀ ਲਿਖੀ ਹੋਵੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ 21 ਫਰਵਰੀ ਨੂੰ ਅੰਤਰਰਾਸ਼ਟਰੀ ਭਾਸ਼ਾ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਵੱਲੋਂ ਲੋਕਾਂ ਨੂੰ ਪੰਜਾਬੀ ਮਾਤ ਭਾਸ਼ਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਕੱਲ੍ਹ ਵੀ ਸਾਡੀ ਟੀਮ ਵੱਲੋਂ ਇਕ ਜਾਗਰੂਕਤਾ ਰੈਲੀ ਕੱਢੀ ਗਈ ਹੈ। ਵਿਦੇਸ਼ਾਂ ਵਿਚ ਜਾਣ ਵਾਲਿਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਵਿਦੇਸ਼ਾਂ ਵਿਚ ਜਾਣ ਪਰ ਆਪਣੀਆਂ ਜੜ੍ਹਾਂ ਤੋਂ ਵੱਖ ਨਾ ਹੋਣ।
ਇਹ ਵੀ ਪੜ੍ਹੋ :Amit Shah Security breach: ਅਮਿਤ ਸ਼ਾਹ ਦੀ ਸੁਰੱਖਿਆ ਵਿੱਚ ਕੁਤਾਹੀ, ਹਿਰਾਸਤ ਵਿੱਚ ਇੱਕ ਵਿਅਕਤੀ
ਇਸ ਦੌਰਾਨ ਪਿੰਡ ਦੇ ਲੋਕਾਂ ਲਈ ਮੈਡੀਕਲ ਚੈੱਕਅਪ ਕੈਂਪ ਮੌਕੇ ਨੌਜਵਾਨਾਂ ਵੱਲੋਂ ਖੂਨਦਾਨ ਕੀਤਾ ਗਿਆ। ਭਾਸ਼ਾ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਤਜਿੰਦਰ ਕੌਰ ਨੇ ਕਿਹਾ ਪੰਜਾਬੀ ਭਾਸ਼ਾ ਲਈ ਜਿੱਥੇ ਪੰਜਾਬ ਸਰਕਾਰ ਵੱਡੇ ਪੱਧਰ ਉਤੇ ਯਤਨ ਕਰ ਰਹੀ ਹੈ ਤੇ ਹਰ ਜਗ੍ਹਾ ਪੰਜਾਬੀ ਲਿਖੀ ਹੋਣੀ ਲਾਜ਼ਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਕੂਲਾਂ ਤੇ ਹੋਰ ਸੰਸਥਾਵਾਂ ਵਿੱਚ ਭਾਸ਼ਾ ਨਾਲ ਸਬੰਧਿਤ ਸੈਮੀਨਾਰ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ 21 ਫਰਵਰੀ ਤੱਕ ਪੰਜਾਬੀ ਨੂੰ ਲਾਗੂ ਨਾ ਕੀਤਾ ਤਾਂ ਸਰਕਾਰ ਵੱਲੋਂ ਜੁਰਮਾਨੇ ਆਦਿ ਵੀ ਕੀਤੇ ਜਾਣਗੇ।