ਮਾਨਸਾ: ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਿਥੇ ਸੰਘਰਸ਼ ਦਿੱਲੀ ਦੇ ਬਾਰਡਰਾਂ ਉਤੇ ਲੜਿਆ ਜਾ ਰਿਹਾ ਹੈ ਉਥੇ ਹੀ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਵੀ ਲਗਾਤਾਰ ਜਾਰੀ ਹੈ। ਅੱਜ ਨੌਜਵਾਨਾਂ ਨੇ ਮਾਨਸਾ ਵਿਖੇ ਜੀਓ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਅਤੇ ਲੋਕਾਂ ਨੂੰ ਜੀਓ ਦੇ ਬਾਈਕਾਟ ਦੀ ਅਪੀਲ ਕੀਤੀ।
ਮਾਨਸਾ 'ਚ ਆਪਣਾ ਪੰਜਾਬ ਕਿਸਾਨ ਯੂਨੀਅਨ ਦੇ ਯੂਥ ਵਿੰਗ ਨੇ ਕੇਂਦਰ ਸਰਕਾਰ ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਹੁਣ ਤੱਕ ਕਿਸਾਨੀ ਅੰਦੋਲਨ ਵਿੱਚ 250 ਦੇ ਲਗਪਗ ਕਿਸਾਨ ਸ਼ਹੀਦ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਕੁਝ ਨੇ ਆਤਮਹੱਤਿਆ ਵੀ ਕੀਤੀ ਹੈ।
ਨੌਜਵਾਨਾਂ ਵੱਲੋਂ 'ਜੀਓ' ਦਫ਼ਤਰ ਅੱਗੇ ਪ੍ਰਦਰਸ਼ਨ ਨੌਜਵਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਆ ਕੇ ਆਪਣਾ ਅੜੀਅਲ ਰਵੱਈਆ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਜਦੋਂ ਤਕ ਆਰਥਿਕ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ ਤਦ ਤਕ ਇਹ ਸਰਕਾਰਾਂ ਹਿੱਲਣ ਵਾਲੀਆਂ ਨਹੀਂ।
ਨੌਜਵਾਨਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਗਲਤ ਦੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਹਰ ਵਰਗ ਨੂੰ ਪ੍ਰਾਈਵੇਟ ਕਰਨ ਵਿਚ ਲੱਗੀ ਹੋਈ ਹੈ ਜੋ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।ਨੌਜਵਾਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਲੋਕਾਂ ਨੂੰ ਜੀਓ ਦੇ ਬਾਈਕਾਟ ਦੀ ਅਪੀਲ ਇਸੇ ਤਰ੍ਹਾਂ ਕਰਦੇ ਰਹਾਂਗੇ ਅਤੇ ਇਸੇ ਤਰ੍ਹਾਂ ਪ੍ਰਦਰਸ਼ਨ ਕਰਦੇ ਰਹਾਂਗੇ।