ਹਸਪਤਾਲ 'ਚ ਡਿਲਵਰੀ ਦੌਰਾਨ ਮਾਂ ਤੇ ਬੱਚੇ ਦੀ ਮੌਤ ਦਾ ਮਾਮਲਾ, ਧਰਨਾ ਚੌਥੇ ਦਿਨ ਵੀ ਜਾਰੀ ਮਾਨਸਾ: ਸਰਕਾਰੀ ਹਸਪਤਾਲ ਨਿੱਤ ਦਿਨ ਆਪਣੀਆਂ ਲਾਪਰਵਾਹੀਆਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਤਾਜ਼ਾ ਮਾਮਲਾ ਮਾਨਸਾ ਦੇ ਜੱਚਾ-ਬੱਚਾ ਹਸਪਤਾਲ ਦਾ ਹੈ, ਜਿੱਥੇ ਬੀਤੇ ਐਤਵਾਰ ਡਿਲਵਰੀ ਦੌਰਾਨ ਮਾਂ ਤੇ ਬੱਚੇ ਦੀ ਮੌਤ ਹੋ ਗਈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਹਸਪਤਾਲ ਦੀ ਡਾਕਟਰ ਵੱਲੋ ਸਟਾਫ ਤੋਂ ਵੀਡੀਓ ਕਾਲ ਦੇ ਜ਼ਰੀਏ ਡਿਲਵਰੀ ਕਰਵਾਈ ਜਾ ਰਹੀ ਸੀ। ਇਸ ਦੌਰਾਨ ਮਹਿਲਾ ਸਮੇਤ ਪੇਟ ਵਿੱਚ ਹੀ ਬੱਚੇ ਦੀ ਮੌਤ ਹੋ ਗਈ।
ਡਾਕਟਰਾਂ 'ਤੇ ਕਾਰਵਾਈ ਕਰਨ ਦੀ ਮੰਗ:ਪੀੜਤ ਪਰਿਵਾਰ ਵੱਲੋਂ ਮਹਿਲਾ ਦੀ ਮੌਤ ਤੋਂ ਬਾਅਦ ਚੌਥੇ ਦਿਨ ਵੀ ਧਰਨਾ ਜਾਰੀ ਹੈ। ਮ੍ਰਿਤਕਾ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ। ਪ੍ਰਦਰਸ਼ਨ ਕਰ ਰਹੀ ਮ੍ਰਿਤਕ ਮਹਿਲਾ ਦੀ ਸੱਸ ਨੇ ਕਿਹਾ ਕਿ ਡਾਕਟਰਾਂ ਵੱਲੋਂ ਵਰਤੀ ਅਣਗਹਿਲੀ ਕਾਰਨ ਮਾਂ ਤੇ ਬੱਚੇ ਦੀ ਮੌਤ ਹੋਈ ਹੈ। ਉਨ੍ਹਾਂ ਨੇ ਮੇਰੀ ਨੂੰਹ ਤੇ ਬੱਚੇ ਦਾ ਕਤਲ ਕੀਤਾ ਗਿਆ ਹੈ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਨਸਾਫ਼ ਦੀ ਮੰਗ: ਮਜ਼ਦੂਰ ਨੇਤਾ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਮਹਿਲਾ ਤੇ ਬੱਚੇ ਦੀ ਮੌਤ ਤੋਂ ਬਾਅਦ ਲਗਾਤਾਰ ਧਰਨਾ ਜਾਰੀ ਹੈ। ਪਰ, ਕੋਈ ਪ੍ਰਸ਼ਾਸਨ ਦਾ ਅਧਿਕਾਰੀ ਅਜੇ ਤੱਕ ਨਹੀਂ ਪਹੁੰਚਿਆਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ, ਤਾਂ ਅਸੀਂ 15 ਦਸੰਬਰ ਨੂੰ ਅਸੀਂ ਐਸਐਸਪੀ ਦਾ ਦਫ਼ਤਰ ਘੇਰਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਅਣਗਹਿਲੀ ਕਰਨ ਵਾਲੇ ਡਾਕਟਰਾਂ ਉੱਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ, ਉੱਥੇ ਹੀ ਮਹਿਲਾ ਦੇ ਪਤੀ ਕੋਲੋਂ ਧੋਖੇ ਨਾਲ ਦਸਤਖ਼ਤ ਕਰਵਾਉਣ ਵਾਲੇ ਸਟਾਫ ਉੱਤੇ 420 ਦਾ ਮਾਮਲਾ ਦਰਜ ਕੀਤਾ ਜਾਵੇ।
ਐਸਐਮਓ ਨੇ ਵੀਡੀਓ ਰਾਹੀਂ ਡਿਲੀਵਰੀ ਦੇ ਦੋਸ਼ਾਂ ਨੂੰ ਨਕਾਰਿਆ:ਐਸਐਮਓ ਡਾ. ਰੂਬੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਸਿਵਲ ਸਰਜਨ ਨਵੇਂ ਆ ਗਏ ਹਨ ਤੇ ਦੋਨੋਂ ਪੱਖਾਂ ਦੀ ਗੱਲ ਸੁਣੀ ਜਾਵੇਗੀ। ਉਨ੍ਹਾਂ ਕਿਹਾ ਵੀਡੀਓ ਕਾਲ ਦੇ ਜ਼ਰੀਏ ਡਿਲੀਵਰੀ ਕਰਵਾਉਣ ਦੀ, ਜੋ ਗੱਲ ਕੀਤੀ ਜਾ ਰਹੀ ਹੈ, ਅਜਿਹਾ ਕੁਝ ਨਹੀ ਹੋਇਆ ਹੈ। ਇਸ ਮਾਮਲੇ ਵਿੱਚ ਜਾਂਚ ਸ਼ੁਰੂ ਹੋ ਗਈ ਹੈ। ਸਿਵਲ ਸਰਜਨ ਨੇ ਜਾਂਚ ਟੀਮ ਦੀ ਡਿਊਟੀ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ:ਜ਼ਹਿਰੀਲੀ ਸ਼ਰਾਬ ਪੀਣ ਨਾਲ 5 ਲੋਕਾਂ ਦੀ ਮੌਤ, ਕਈਆਂ ਦੀ ਹਾਲਤ ਗੰਭੀਰ