ਮਾਨਸਾ:ਪੰਜਾਬ ਦੇ ਵਿੱਚ ਨਿੱਤ ਦਿਨ ਫਿਰੌਤੀ, ਕਤਲ ਤੇ ਕੁੱਟਮਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਸਖਤ ਕਦਮ ਨਹੀਂ ਚੁੱਕੇ ਜੇ ਰਹੇ। ਪੰਜਾਬ ਵਿਚ ਅਮਨ ਸ਼ਾਂਤੀ ਨਾਮ ਦੀ ਚੀਜ਼ ਸਿਰਫ ਸਿਆਸੀ ਆਗੂਆਂ ਤੇ ਪੁਲਿਸ ਅਧਿਕਾਰੀਆਂ ਦੇ ਬਿਆਨਾਂ ਵਿਚ ਹੀ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਅਜਨਾਲਾ ਥਾਣੇ ਬਾਹਰ ਪੁਲਿਸ ਤੇ ਨੌਜਵਾਨਾਂ ਵਿਚਕਾਰ ਹੋਈ ਝੜਪ ਤੇ ਉਸ ਤੋਂ ਬਾਅਦ ਮੋਹਾਲੀ ਵਿਖੇ ਨੌਜਵਾਨ ਦੇ ਹੱਥ ਵੱਢਣ ਦੀ ਵੀਡੀਓ ਦੇਖਣ ਤੋਂ ਬਾਅਦ ਇੰਝ ਜਾਪਦਾ ਹੈ ਕਿ ਜਿਵੇਂ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੈ।
ਆਏ ਦਿਨ ਬੇਖੌਫ ਗੈਂਗਸਟਰ ਕਿਸੇ ਨੂੰ ਵੀ ਫੋਨ ਲਾ ਕੇ ਫਿਰੌਤੀਆਂ ਮੰਗਦੇ ਹਨ। ਜਦੋਂ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਤਾਂ ਉਸ ਵਿਅਕਤੀ ਨੂੰ ਜਾਨ ਤੋਂ ਗੁਆਉਣਾ ਪੈਂਦਾ ਹੈ। ਕਪੂਰਥਲਾ ਵਿਖੇ ਵੀ ਇਸੇ ਤਰ੍ਹਾਂ ਦੀ ਹੀ ਇਕ ਘਟਨਾ ਵਾਪਰੀ ਸੀ ਜਿਸ ਵਿਚ ਗੈਂਗਸਟਰਾਂ ਵੱਲੋਂ ਕੱਪੜਾ ਵਪਾਰੀ ਕੋਲੋਂ ਫਿਰੌਤੀ ਮੰਗੀ ਗਈ ਸੀ, ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਉਕਤ ਵਪਾਰੀ ਦਾ ਗੈਂਗਸਟਰਾਂ ਨੇ ਕਤਲ ਕਰ ਦਿੱਤਾ। ਗੈਂਗਸਟਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਵਪਾਰੀ ਹੀ ਨਹੀਂ ਸਗੋਂ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਇਹ ਆਪਣਾ ਨਿਸ਼ਾਨਾ ਬਣਾ ਰਹੇ ਹਨ। ਫਿਰ ਚਾਹੇ ਉਹ ਮੌਜੂਦਾ ਸਰਕਾਰ ਦਾ ਨੁਮਾਇੰਦਾ ਹੋਵੇ ਜਾਂ ਫਿਰ ਸਾਬਕਾ ਸਰਕਾਰ ਦਾ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ।