ਮਾਨਸਾ: ਪੰਜਾਬ ਦੀ ਨਰਮਾ ਪੱਟੀ ਵਜੋਂ ਜਾਣਿਆ ਜਾਂਦੇ ਬਠਿੰਡਾ, ਮਾਨਸਾ, ਫ਼ਾਜ਼ਿਲਕਾ ਅਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਨਰਮੇ ਦੀ ਫਸਲ ਤਿਆਰ ਹੋ ਚੁੱਕੀ ਹੈ। ਇਸੇ ਤਰ੍ਹਾਂ ਹੀ ਮਾਨਸਾ ਜ਼ਿਲ੍ਹੇ 'ਚ ਕਿਸਾਨਾਂ ਵੱਲੋਂ ਨਰਮੇ ਦੀ ਚੁਗਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਾਰ ਨਰਮੇ ਦੀ ਚੰਗੀ ਫ਼ਸਲ ਨੂੰ ਦੇਖ ਕਿਸਾਨ ਖੁਸ਼ ਵੀ ਦਿਖਾਈ ਦੇ ਰਹੇ ਹਨ ਪਰ ਦੂਜੇ ਪਾਸੇ ਨਰਮੇ ਦੇ ਭਾਅ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਸਰਕਾਰ ਪ੍ਰਤੀ ਨਾਰਾਜ਼ਗੀ ਵੀ ਹੈ ਕਿਉਂਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਨਰਮਾ ਕੌਡੀਆਂ ਦੇ ਭਾਅ ਵੇਚਣਾ ਪੈ ਰਿਹਾ ਹੈ। ਕਿਸਾਨਾਂ ਦੀ ਫਸਲ ਨੂੰ ਸਰਕਾਰੀ ਰੇਟ ਅਨੁਸਾਰ ਨਹੀਂ ਖਰੀਦਿਆ ਜਾ ਰਿਹਾ। ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਨਰਮੇ ਦੀ ਫਸਲ ਬੰਪਰ ਫ਼ਸਲ ਹੋਵੇਗੀ ਤੇ ਕਿਸਾਨਾਂ ਨੂੰ ਆਮਦਨ ਵੀ ਚੰਗੀ ਹੋਵੇਗੀ।
ਮਾਨਸਾ ਜ਼ਿਲ੍ਹੇ 'ਚ ਨਰਮੇ ਦੀ ਚੁਗਾਈ ਸ਼ੁਰੂ ਕਿਸਾਨ ਖੁਸ਼, ਮੰਡੀਆਂ 'ਚ ਨਹੀਂ ਮਿਲ ਰਿਹਾ ਸਰਕਾਰੀ ਭਾਅ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਨਰਮੇ ਦੀ ਚੁਗਾਈ ਕਰ ਰਹੀਆਂ ਕਿਸਾਨ ਔਰਤ ਨੇ ਕਿਹਾ ਕਿ ਨਰਮੇ ਦੀ ਫਸਲ ਚੰਗੀ ਹੈ ਅਤੇ ਚੁਗਾਈ ਵੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖੇਤ ਵਿੱਚ 10 ਤੋਂ 15 ਮਜ਼ਦੂਰ ਔਰਤਾਂ ਨਰਮੇ ਦੀ ਚੁਗਾਈ ਕਰ ਰਹੀਆਂ ਹਨ। ਨਰਮੇ ਦੀ ਚੁਗਾਈ ਮਹਿੰਗੀ ਹੋਣ ਦੇ ਚਲਦਿਆਂ ਸਰਕਾਰ ਵੱਲੋਂ ਨਰਮੇ ਦਾ ਚੰਗਾ ਰੇਟ ਨਹੀਂ ਦਿੱਤਾ ਜਾਂਦਾ। ਇਸ ਦੇ ਚਲਦਿਆਂ ਉਨ੍ਹਾਂ ਦੇ ਨਰਮੇ 'ਤੇ ਹੋਏ ਖ਼ਰਚੇ ਵੀ ਨਹੀਂ ਮੋੜ ਹੁੰਦੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਰਮੇ ਦੀ ਫ਼ਸਲ ਨੂੰ ਸਰਕਾਰੀ ਭਾਅ ਅਨੁਸਾਰ ਖਰੀਦਿਆ ਜਾਵੇ।
ਨਰਮੇ ਦੀ ਚੁਗਾਈ ਕਰ ਰਹੀਆਂ ਮਜ਼ਦੂਰ ਔਰਤਾਂ ਨੇ ਕਿਹਾ ਕਿ ਨਰਮੇ ਦੀ ਫਸਲ ਚੰਗੀ ਹੈ ਅਤੇ ਉਨ੍ਹਾਂ ਦੀ ਚੁਗਾਈ ਵੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਨੂੰ ਚੰਗਾ ਭਾਅ ਮਿਲੇਗਾ ਤਾਂ ਹੀ ਉਨ੍ਹਾਂ ਨੂੰ ਵਧੀਆ ਮਜ਼ਦੂਰੀ ਮਿਲੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ 4 ਮਹੀਨਿਆਂ ਤੋਂ ਉਹ ਆਪਣੇ ਘਰਾਂ ਵਿੱਚ ਬੈਠੇ ਸਨ ਤੇ ਹੁਣ ਚੁਗਾਈ ਸ਼ੁਰੂ ਹੋਣ ਦੇ ਨਾਲ ਉਨ੍ਹਾਂ ਦੀ ਵੀ ਮਜ਼ਦੂਰੀ ਚੱਲ ਪਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਰਮੇ ਦੀ ਫਸਲ ਦਾ ਚੰਗਾ ਭਾਅ ਦਿੱਤਾ ਜਾਵੇ ਤਾਂ ਹੀ ਉਨ੍ਹਾਂ ਦੀ ਮਜ਼ਦੂਰੀ ਵਧੇਗੀ।
ਕਿਸਾਨ ਮਹਿੰਦਰ ਸਿੰਘ ਨੇ ਕਿਹਾ ਕਿ ਨਰਮੇ ਦੀ ਫਸਲ ਚੰਗੀ ਹੈ ਅਤੇ ਬੋਟੀ-ਬੋਟੀ ਕਰ ਜਦੋਂ ਕਿਸਾਨ ਨਰਮੇ ਦੀ ਫ਼ਸਲ ਨੂੰ ਮੰਡੀ ਵਿੱਚ ਲੈ ਕੇ ਜਾਂਦਾ ਹੈ ਤਾਂ ਪ੍ਰਾਈਵੇਟ ਵਪਾਰੀ ਉਨ੍ਹਾਂ ਦੇ ਨਰਮੇ ਦੀ ਫ਼ਸਲ ਨੂੰ ਕੌਡੀਆਂ ਦੇ ਭਾਅ ਖਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸਰਕਾਰ ਵੱਲੋਂ 5450 ਰੁਪਏ ਸਰਕਾਰੀ ਭਾਅ ਤੈਅ ਕੀਤਾ ਗਿਆ ਸੀ ਅਤੇ ਇਸ ਸਾਲ 200 ਰੁਪਏ ਵਧਾ ਕੇ 5650 ਕਰ ਦਿੱਤਾ ਹੈ ਪਰ ਮੰਡੀ ਦੇ ਵਿੱਚ ਕਿਸਾਨਾਂ ਦੇ ਨਰਮੇ ਦੀ ਫ਼ਸਲ ਨੂੰ ਪ੍ਰਾਈਵੇਟ ਵਪਾਰੀ 4600 ਰੁਪਏ ਤੱਕ ਖਰੀਦ ਰਹੇ ਹਨ। ਇਸ ਕਾਰਨ ਕਿਸਾਨਾਂ ਦੇ ਪੱਲੇ ਨਿਰਾਸ਼ਾ ਪੈ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਕਿਸਾਨਾਂ ਦੀਆਂ ਫ਼ਸਲਾਂ ਸਰਕਾਰੀ ਰੇਟ 'ਤੇ ਨਹੀਂ ਖਰੀਦੀਆਂ ਜਾਂਦੀਆਂ ਤਾਂ ਕਿਸਾਨਾਂ ਦੇ ਪੱਲੇ ਖਰਚੇ ਹੀ ਪੈਂਦੇ ਨੇ, ਜਿਸ ਕਾਰਨ ਖੁਦਕੁਸ਼ੀਆਂ ਵਿੱਚ ਵਾਧਾ ਹੁੰਦਾ ਹੈ।
ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਪਿਛਲੇ ਸਾਲ 72 ਹਜ਼ਾਰ ਹੈਕਟੇਅਰ ਏਰੀਏ ਦੇ ਵਿੱਚ ਨਰਮੇ ਦੀ ਫਸਲ ਦੀ ਬਿਜਾਈ ਕੀਤੀ ਗਈ ਸੀ। ਇਸ ਸਾਲ 20 ਫੀਸਦੀ ਏਰੀਆ ਹੋਰ ਵਧਿਆ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਨਰਮੇ ਦੀ ਫ਼ਸਲ ਵੀ ਚੰਗੀ ਹੈ ਤੇ ਕਿਸਾਨਾਂ ਦੀ ਨਰਮੇ ਦੀ ਫਸਲ ਬੰਪਰ ਫ਼ਸਲ ਹੋਵੇਗੀ ਤੇ ਕਿਸਾਨਾਂ ਦੀ ਆਮਦਨ ਵੀ ਵਧੀਆ ਹੋਵੇਗੀ।