ਮਾਨਸਾ: ਇਸ ਵਾਰ ਨਰਮੇ ਦੀ ਫ਼ਸਲ ਚੰਗੀ ਹੋਣ ਕਾਰਨ ਕਿਸਾਨ ਬੇਹਦ ਖੁਸ਼ ਸੀ ਪਰ ਜਦੋਂ ਉਹ ਨਰਮੇ ਦੀ ਫਸਲ ਵੇਚਣ ਲਈ ਮੰਡੀਆਂ ਵਿੱਚ ਪੁੱਜੇ ਤਾਂ ਇਥੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਬਣਦਾ ਮੁੱਲ ਨਹੀਂ ਮਿਲ ਰਿਹਾ ਜਿਸ ਕਾਰਨ ਕਿਸਾਨ ਪਰੇਸ਼ਾਨ ਹਨ। ਸ਼ਹਿਰ 'ਚ ਇਸ ਵਾਰ ਨਰਮੇ ਦੀ ਬੰਪਰ ਫ਼ਸਲ ਹੋਈ ਹੈ ਪਰ ਅਨਾਜ ਮੰਡੀ ਮਾਨਸਾ ਵਿੱਚ ਨਰਮਾ ਵੇਚਣ ਪਹੁੰਚੇ ਕਿਸਾਨਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਕੇ ਆਪਣੀ ਪਰੇਸ਼ਾਨੀ ਸਾਂਝੀ ਕੀਤੀ।
ਸਰਕਾਰੀ ਰੇਟ ਨਾ ਮਿਲਣ ਤੋਂ ਨਾਰਾਜ਼ ਕਿਸਾਨਾਂ ਨੇ ਪੰਜਾਬ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ - ਨਰਮੇ ਦੀ ਫਸਲ
ਮਾਨਸਾ ਮੰਡੀ 'ਚ ਨਰਮੇ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਨਰਮੇ ਦੀ ਫ਼ਸਲ ਵਧੀਆ ਹੋਣ ਦੇ ਬਾਵਜ਼ੂਦ ਸਰਕਾਰੀ ਰੇਟ ਉੱਤੇ ਨਰਮੇ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਨਾਖੁਸ਼ ਨਜ਼ਰ ਆ ਰਹੇ ਹਨ। ਨਰਮੇ ਦੀ ਫ਼ਸਲ ਦਾ ਤੈਅ ਕੀਤਾ ਗਿਆ ਸਰਕਾਰੀ ਰੇਟ ਨਾ ਮਿਲਣ ਕਾਰਨ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਿਸਾਨਾਂ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਦਾ ਸਰਕਾਰੀ ਮੁੱਲ 5500 ਰੁਪਏ ਤੈਅ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਮਜਬੂਰਨ ਆਪਣੀ ਫ਼ਸਲ ਆੜਤੀਆਂ ਨੂੰ ਘੱਟ ਕੀਮਤ ਉੱਤੇ ਵੇਚਣੀ ਪੈ ਰਹੀ ਹੈ। ਦੂਜੇ ਪਾਸੇ ਪ੍ਰਾਈਵੇਟ ਵਪਾਰੀ ਨਰਮੇ ਨੂੰ ਮਹਿਜ਼ 4500 ਤੋਂ 4700 ਰੁਪਏ ਵਿੱਚ ਖ਼ਰੀਦ ਰਹੇ ਹਨ ਉਹ ਸਰਕਾਰੀ ਮੁੱਲ ਦੇਣ ਲਈ ਤਿਆਰ ਨਹੀਂ ਹਨ। ਕਿਸਾਨਾਂ ਨੇ ਕਿਹਾ ਕਿ ਖ਼ਰਾਬ ਮੌਸਮ ਅਤੇ ਮੰਡੀਆਂ ਵਿੱਚ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਫਸਲ ਘੱਟ ਕੀਮਤ ਵਿੱਚ ਵੇਚਣੀ ਪੈ ਰਹੀ ਹੈ।
ਸੂਬਾ ਸਰਕਾਰ ਤੋਂ ਨਾਰਾਜ਼ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਉਮੀਦ ਸੀ ਕਿ ਇਸ ਵਾਰ ਉਨ੍ਹਾਂ ਨੂੰ ਨਰਮੇ ਦੀ ਫ਼ਸਲ ਦਾ ਚੰਗਾ ਮੁੱਲ ਮਿਲੇਗਾ। ਸੂਬਾ ਸਰਕਾਰ ਵੱਲੋਂ ਨਰਮੇ ਦੀ ਸਰਕਾਰੀ ਕੀਮਤ ਘੱਟ ਤੈਅ ਕੀਤੀ ਗਈ ਹੈ ਅਤੇ ਦੂਜੇ ਪਾਸੇ ਅਜੇ ਤੱਕ ਸਰਕਾਰੀ ਤੌਰ 'ਤੇ ਨਰਮੇ ਦੀ ਖ਼ਰੀਦ ਸ਼ੁਰੂ ਨਹੀਂ ਹੋ ਸਕੀ ਹੈ। ਕਿਸਾਨ ਨੇਤਾ ਜਗਦੇਵ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਵਪਾਰੀ ਕਿਸਾਨਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕ ਕੇ ਸਰੇਆਮ ਲੁੱਟ ਕਰ ਰਹੇ ਹਨ। ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਬਣਦਾ ਮੁੱਲ ਨਹੀਂ ਮਿਲ ਰਿਹਾ ਜਿਸ ਕਾਰਨ ਕਿਸਾਨ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰੀ ਰੇਟ ਮੁਤਾਬਕ ਨਰਮੇ ਦੀ ਖ਼ਰੀਦ ਨਹੀਂ ਕੀਤੀ ਜਾਂਦੀ ਉਦੋਂ ਤੱਕ ਕਿਸਾਨ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ।