ਮਾਨਸਾ: ਸੂਬੇ ’ਚ ਮੁੜ ਤੋਂ ਕੋਰੋਨਾ ਮਹਾਂਮਾਰੀ ਦੇ ਅਸਰ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ਾਂ ਜਾਰੀ ਕੀਤੇ ਗਏ ਹਨ। ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ।
ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਦੇਖਦੇ ਹੋਏ ਇਸਨੂੰ ਕਾਬੂ ਕਰਨ ਲਈ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਜ਼ਿਲ੍ਹਾ ਕੋਵਿਡ ਸੈਂਪਲਿੰਗ ਟੀਮ ਮਾਨਸਾ ਦੇ ਇੰਚਾਰਜ ਡਾ. ਰਣਜੀਤ ਸਿੰਘ ਰਾਏ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਪੂਰੀ ਸਾਵਧਾਨੀ ਵਰਤਦੇ ਹੋਏ ਪੁਲਿਸ ਥਾਣਿਆਂ ਵਿਖੇ ਜਾ ਕੇ ਕਰਮਚਾਰੀਆਂ ਦੇ ਕੋਰੋਨਾ ਦੇ ਸੈਂਪਲ ਲਏ ਜਾ ਰਹੇ ਹਨ।
ਪੁਲਿਸ ਕਰਮਚਾਰੀਆਂ ਦੇ ਲਏ ਗਏ ਸੈਂਪਲ
ਸਰਦੂਲਗੜ੍ਹ ’ਚ ਤਾਇਨਾਤ 68 ਕਰਮਚਾਰੀਆਂ ਦੇ ਸੈਂਪਲ ਲਏ ਗਏ। ਜਿਹਨਾਂ ਦਾ ਰਿਜਲਟ 2 ਦਿਨਾਂ ਬਾਅਦ ਆਵੇਗਾ। ਮਾਨਸਾ ਪੁਲਿਸ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਿੱਥੇ ਸੈਪਲਿੰਗ ਕਰਵਾਈ ਜਾ ਰਹੀ ਹੈ, ਉੱਥੇ ਹੀ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਵੀ ਲਗਵਾਈ ਜਾ ਰਹੀ ਹੈ।
ਇਹ ਵੀ ਪੜੋ: ਔਰਤਾਂ ਦਾ ਬਿਹਤਰ ਸਮਾਜ ਦੀ ਸਿਰਜਨਾ 'ਚ ਮਹੱਤਵਪੂਰਨ ਯੋਗਦਾਨ: ਰਾਣਾ ਕੇ.ਪੀ ਸਿੰਘ
ਕਾਬਿਲੇਗੌਰ ਹੈ ਕਿ ਹੁਣ ਤੱਕ ਕੁੱਲ 1462 ਅਧਿਕਾਰੀ ਅਤੇ ਕਰਮਚਾਰੀਆਂ ਨੂੰ ਟੀਕਾ ਲੱਗ ਚੁੱਕਾ ਹੈ। ਪਹਿਲੀ ਡੋਜ਼ ਤੋਂ 28 ਦਿਨਾਂ ਬਾਅਦ ਦੂਜੀ ਡੋਜ਼ ਦਾ ਟੀਕਾ ਕੁੱਲ 473 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੱਗ ਚੁੱਕਾ ਹੈ। ਟੀਕਾਕਰਨ ਤੋਂ ਬਾਅਦ ਸਾਰੇ ਕਰਮਚਾਰੀ ਤੰਦਰੁਸਤ ਹਨ ਅਤੇ ਬਾਕੀ ਰਹਿ ਰਹੇ ਕਰਮਚਾਰੀਆਂ ਨੂੰ ਵਾਰੀ ਸਿਰ ਟੀਕਾ ਲਗਾਇਆ ਜਾ ਰਿਹਾ ਹੈ।
ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ
ਕੋਰੋਨਾ ਮਹਾਂਮਾਰੀ ਨੇ ਮੁੜ ਤੋਂ ਲੋਕਾਂ ਨੂੰ ਆਪਣੇ ਚਪੇਟ ਚ ਲੈਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਐੱਸਐੱਸਪੀ ਮਾਨਸਾ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਪਹਿਲਾਂ ਦੀ ਤਰ੍ਹਾਂ ਹੀ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਖਾਸ ਕਰਕੇ ਆਪਣੇ ਹੱਥ ਵਾਰ-ਵਾਰ ਸਾਬਣ ਜਾਂ ਹੈਂਡ ਸੈਨੀਟਾਈਜ਼ਰ ਨਾਲ ਸਾਫ ਰੱਖੇ ਜਾਣ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਨੱਕ-ਮੂੰਹ ਨੂੰ ਮਾਸਕ ਨਾਲ ਢੱਕਿਆ ਜਾਵੇ ਤਾਂ ਜੋ ਕੋਵਿਡ-19 ਨੂੰ ਅੱਗੇ ਫੈਲਣ ਤੋਂ ਰੋਕਿਆ ਜਾਵੇ।