ਮਾਨਸਾ: ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ 'ਤੇ ਤਿੱਖਾ ਹਮਲਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਰੇਤ ਮਾਫੀਆ, ਕੇਬਲ ਮਾਫੀਆ ਅਤੇ ਡਰੱਗ ਮਾਫੀਆ ਦੀ ਬਾਦਲ ਸਰਕਾਰ ਨੇ ਸ਼ੁਰੂਆਤ ਕੀਤੀ ਸੀ। ਕਾਂਗਰਸ ਨੇ ਇਸ ਨੂੰ ਹੋਰ ਅੱਗੇ ਵਧਾਇਆ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਚਾਰ ਹਫ਼ਤਿਆਂ ਵਿੱਚ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਡਰੱਗ ਮਾਫ਼ੀਆ ਨੂੰ ਸਰਕਾਰੀ ਸ਼ਹਿ ਦੇ ਦਿੱਤੀ। ਹੁਣ ਕਾਂਗਰਸੀ ਆਗੂਆਂ ਨੂੰ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗਣ ਦਾ ਕੋਈ ਨੈਤਿਕ ਹੱਕ ਨਹੀਂ ਬਚਿਆ। ਵੋਟਾਂ ਮੰਗਣ ਦੀ ਬਜਾਏ ਕਾਂਗਰਸ ਨੂੰ ਪੰਜਾਬ ਦੇ ਲੋਕਾਂ ਤੋਂ ਝੂਠੇ ਵਾਅਦੇ ਕਰਨ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਸੱਤਾ 'ਚ ਬੈਠੇ ਭ੍ਰਿਸ਼ਟ ਸਿਆਸਤਦਾਨਾਂ ਅਤੇ ਡਰੱਗ ਮਾਫ਼ੀਆ ਦੇ ਗਠਜੋੜ ਕਾਰਨ ਅੱਜ ਪੰਜਾਬ 'ਚ ਹਰ ਥਾਂ ਚਿੱਟਾ ਅਤੇ ਹੋਰ ਘਾਤਕ ਨਸ਼ੀਲੇ ਪਦਾਰਥ ਮਿਲ ਰਹੇ ਹਨ। ਨਸ਼ੇ ਦਾ ਨਜਾਇਜ਼ ਕਾਰੋਬਾਰ ਕਰਨ ਵਾਲੇ ਵਪਾਰੀ ਬੇਖੌਫ ਹੋ ਕੇ ਆਪਣਾ ਧੰਦਾ ਚਲਾ ਰਹੇ ਹਨ। ਉਨ੍ਹਾਂ ਨੂੰ ਪੁਲਿਸ-ਪ੍ਰਸ਼ਾਸ਼ਨ ਦਾ ਕੋਈ ਡਰ ਨਹੀਂ ਹੈ, ਕਿਉਂਕਿ ਉਨ੍ਹਾਂ ਕੋਲ ਸੱਤਾ ਦੀ ਸੁਰੱਖਿਆ ਹੈ। ਨਸ਼ਾ ਮਾਫੀਆ ਅਤੇ ਸੱਤਾਧਾਰੀ ਨੇਤਾਵਾਂ ਦਾ 'ਨੈਕਸਸ' ਬਣਿਆ ਹੋਇਆ ਹੈ। ਇਸ 'ਨੈਕਸਸ' ਨੇ ਪੰਜਾਬ ਦੇ ਨੌਜਵਾਨਾਂ ਦੇ ਹੱਥੋਂ ਕਲਮ ਅਤੇ ਕਿਤਾਬ ਖੋਹ ਕੇ ਚਿੱਟਾ ਫੜਾ ਦਿੱਤਾ ਅਤੇ ਲੱਖਾਂ ਪਰਿਵਾਰਾਂ ਦਾ ਜੀਵਨ ਤਬਾਹ ਕਰ ਦਿੱਤਾ।
ਵੀਰਵਾਰ ਨੂੰ ਭਗਵੰਤ ਮਾਨ ਨੇ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਵਿੱਚ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇੱਥੇ ਉਨ੍ਹਾਂ ਬੁਢਲਾਡਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਤੇ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ, ਸਰਦੂਲਗੜ੍ਹ ਤੋਂ ਉਮੀਦਵਾਰ ਗੁਰਪ੍ਰੀਤ ਬਣਾਂਵਾਲੀ ਅਤੇ ਮਾਨਸਾ ਤੋਂ ਉਮੀਦਵਾਰ ਡਾ. ਵਿਜੇ ਸਿੰਗਲਾ ਲਈ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ‘ਆਪ’ ਦੇ ਸਾਰੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ।