ਪੰਜਾਬ

punjab

ETV Bharat / state

ਮਾਨਸਾ ਵਿੱਚ ਸਿੱਧੂ ਮੂਸੇ ਵਾਲੇ ਤੇ ਮਨਕੀਰਤ ਔਲਖ ਵਿਰੁੱਧ ਮਾਮਲਾ ਦਰਜ - case registered against sidhu moose wala

ਹਿੰਸਾ ਫ਼ੈਲਾਉਣ ਵਾਲੇ ਗਾਣੇ ਨੂੰ ਲੈ ਕੇ ਮਾਨਸਾ ਵਿੱਚ ਸਿੱਧੂ ਮੂਸੇ ਵਾਲੇ ਅਤੇ ਮਨਕੀਰਤ ਔਲਖ ਵਿਰੁੱਧ ਮਾਮਲਾ ਦਰਜ ਹੋ ਗਿਆ ਹੈ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਵੀ ਇਹੋ ਹੀ ਮਾਮਲਾ ਦਰਜ ਕੀਤਾ ਗਿਆ ਸੀ।

ਮੂਸੇ ਆਲਾ
ਮੂਸੇ ਆਲਾ

By

Published : Feb 1, 2020, 9:39 PM IST

ਮਾਨਸਾ: ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਅੱਪਲੋਡ ਕੀਤੀ ਗਈ ਇਕ ਵੀਡੀਓ ਕਲਿੱਪ ਰਾਹੀਂ ਹਿੰਸਾ ਨੂੰ ਫੈਲਾਉਣ ਦੇ ਦੋਸ਼ ਵਿਚ ਸਿੱਧੂ ਮੂਸੇ ਵਾਲਾ ਵਜੋਂ ਜਾਣੇ ਜਾਂਦੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਅਤੇ ਮਨਕੀਰਤ ਔਲਖ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਮਾਨਸਾ ਐਸ.ਐਸ.ਪੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਐਫਆਈਆਰ ਨੰਬਰ 35 ਤਹਿਤ ਸਦਰ ਥਾਣਾ ਮਾਨਸਾ ਵਿਖੇ ਧਾਰਾ 294 ਅਧੀਨ (ਕੋਈ ਅਸ਼ਲੀਲ ਗਾਣਾ ਗਾਉਣ, ਸੁਣਾਉਣ ਜਾਂ ਬੋਲਣ), 504 (ਭੜਕਾਊ ਸ਼ਬਦਾਬਲੀ ਜਾਂ ਜਾਣਬੁੱਝ ਕੇ ਸ਼ਾਂਤੀ ਭੰਗ ਕਰਨ ਵਾਲੇ ਲਫਜ਼ ਵਰਤੋਂ ਕਰਨ) ਅਤੇ 149 ਤਹਿਤ ਦੋਵਾਂ ਗਾਇਕਾਂ ਵਿਰੁੱਧ ਕੱਲ ਰਾਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਭਾਰਗਵ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਹ ਕਲਿੱਪ/ਗਾਣਾ ਗਾਇਕ ਮੂਸੇ ਵਾਲਾ ਅਤੇ ਉਸਦੇ ਸਾਥੀਆਂ ਵਲੋਂ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਵਿਖੇ ਰਿਕਾਰਡ ਕੀਤਾ ਗਿਆ ਸੀ। ਇਸ ਤੋਂ ਬਾਅਦ, ਗਾਣੇ ਦਾ ਕਲਿੱਪ ਯੂਟਿਊਬ, ਟਿੱਕ-ਟਾਕ, ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ ‘ਤੇ ਅਪਲੋਡ ਕੀਤਾ ਗਿਆ ਸੀ। ਇਹ ਗਾਣਾ ਹਿੰਸਾ ਅਤੇ ਹਥਿਆਰਾਂ ਦੇ ਸਭਿਆਚਾਰ ਨੂੰ ਵਧਾਵਾ ਦੇਣ ਵਾਲਾ ਜਾਪਿਆ।

ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਮੂਸੇ ਵਾਲੇ ਅਤੇ ਮਨਕੀਰਤ ਔਲਖ ਖ਼ਿਲਾਫ਼ ਕੋਈ ਸ਼ਿਕਾਇਤ ਹੋਈ ਹੋਵੇ। ਇਸ ਤੋਂ ਕੁਝ ਦਿਨ ਪਹਿਲਾਂ ਹੀ ਦੋਵਾਂ ਖ਼ਿਲਾਫ਼ ਲੁਧਿਆਣਾ ਵਿੱਚ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਇਹ ਪੁਲਿਸ ਅੱਗੇ ਪੇਸ਼ ਵੀ ਹੋਏ ਹਨ। ਹੁਣ ਸ਼ਿਕਾਇਤ ਮੂਸੇ ਵਾਲੇ ਦੇ ਜੱਦੀ ਜ਼ਿਲ੍ਹੇ ਮਾਨਸਾ ਵਿੱਚ ਦਰਜ ਕਰਵਾਈ ਗਈ ਹੈ।

ਇਹ ਜ਼ਿਕਰਯੋਗ ਹੈ ਕਿ ਸਿਵਲ ਰਿੱਟ ਪਟੀਸ਼ਨ 6213/2016 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਡੀਜੀਪੀ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਸਨ ਕਿ ਲਾਈਵ ਸ਼ੋਅ ਦੌਰਾਨ ਸ਼ਰਾਬ, ਨਸ਼ਿਆਂ ਅਤੇ ਹਿੰਸਾ ਦੀ ਵਡਿਆਈ ਕਰਨ ਵਾਲੇ ਕਿਸੇ ਵੀ ਗੀਤ ਨੂੰ ਵਜਾਉਣ ਦੀ ਆਗਿਆ ਨਾ ਦਿੱਤੀ ਜਾਵੇ।

ਅਜਿਹੇ ਵਿੱਚ ਵੀ ਆਏ ਦਿਨ ਕਈ ਅਜਿਹਾ ਗਾਣੇ ਰਿਲੀਜ਼ ਹੁੰਦੇ ਹਨ ਜੋ ਜਾਂ ਤਾਂ ਨਸ਼ੇ ਨੂੰ ਜਾਂ ਫਿਰ ਹਥਿਆਰਾ ਨੂੰ ਵਧਾਵਾ ਦਿੰਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਮਾਮਲਿਆਂ ਤੇ ਕੋਈ ਠੋਸ ਕਦਮ ਚੁੱਕਿਆ ਜਾਵੇ।

ABOUT THE AUTHOR

...view details