ਮਾਨਸਾ: ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਜੀਠਨ ਲਈ ਆਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਵੱਲੋਂ ਵੱਡੇ ਪੱਧਰ 'ਤੇ ਕੈਂਡਲ ਮਾਰਚ ਕੱਢਿਆ ਗਿਆ। ਜਿਸ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਆਵਾਰਾ ਪਸ਼ੂਆਂ ਕਾਰਨ ਆਪਣੀ ਜਾਨ ਗਵਾ ਚੁੱਕੇ ਪੰਜਾਬ ਭਰ ਦੇ ਲੋਕਾਂ ਨੂੰ ਕੈਂਡਲ ਮਾਰਚ ਰਾਹੀਂ ਸ਼ਰਧਾਂਜਲੀ ਦਿੱਤੀ ਗਈ।
ਆਵਾਰਾ ਪਸ਼ੂਆਂ ਦੇ ਹੱਲ ਲਈ ਇਕਜੁੱਟ ਹੋਈਆਂ ਸਿਆਸੀ ਧਿਰਾਂ, ਕੱਢਿਆ ਕੈਂਡਲ ਮਾਰਚ - ਮਾਨਸਾ ਵਿੱਚ ਕੱਢਿਆ ਗਿਆ ਕੈਂਡਲ ਮਾਰਚ
ਅਵਾਰਾ ਪਸ਼ੂਆਂ ਦੇ ਕਾਰਨ ਆਪਣੀਆਂ ਜਾਨਾਂ ਗਵਾ ਚੁੱਕੇ ਲੋਕਾਂ ਨੂੰ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਵੱਲੋਂ ਮਾਨਸਾ ਵਿਖੇ ਕੈਂਡਲ ਮਾਰਚ ਰਾਹੀਂ ਸ਼ਰਧਾਂਜਲੀ ਦਿੱਤੀ ਗਈ। ਦੱਸਦਈਏ ਕਿ ਪੰਜਾਬ 'ਚ ਹੁਣ ਤੱਕ ਆਵਾਰਾ ਪਸ਼ੂਆਂ ਕਾਰਨ ਹੋਈ ਦੁਰਘਟਨਾ 'ਚ ਕਈ ਲੋਕ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ।
ਇਸ ਮੌਕੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਖਹਿਰਾ, ਸ਼੍ਰੋਮਣੀ ਅਕਾਲੀ ਦਲ ਦੇ ਜਗਮੀਤ ਬਰਾੜ ਅਤੇ ਜਗਦੀਪ ਨਕਈ, ਸੀਪੀਆਈ ਐਮ ਦੇ ਕਾਮਰੇਡ ਹਰਦੇਵ ਅਰਸ਼ੀ, ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ, ਮੌੜ ਤੋਂ ਜਗਦੇਵ ਸਿੰਘ ਕਮਾਲੂ ਤੋਂ ਇਲਾਵਾ ਕਈ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕੈਂਡਲ ਮਾਰਚ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਆਵਾਰਾ ਪਸ਼ੂਆਂ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਅਵਾਰਾ ਪਸ਼ੂਆਂ ਦੇ ਕਾਰਨ ਰੋਜ਼ਾਨਾ ਸੜਕਾਂ 'ਤੇ ਹਾਦਸੇ ਹੋ ਰਹੇ ਹਨ ਅਤੇ ਕੀਮਤੀ ਜਾਨਾਂ ਜਾ ਰਹੀਆਂ ਹਨ।
ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਲੈ ਕੇ ਲੋਕ ਸਭਾ ਵਿੱਚ ਵੀ ਆਵਾਜ਼ ਚੁੱਕਣਗੇ ਅਤੇ ਉਨ੍ਹਾਂ ਦੇ ਵਿਧਾਇਕ ਅਮਨ ਅਰੋੜਾ ਵੱਲੋਂ ਵੀ ਡਿਬੇਟ ਦੇ ਵਿੱਚ ਕਈ ਆਵਾਰਾ ਪਸ਼ੂਆਂ ਨੂੰ ਲੈ ਕੇ ਮੁੱਦੇ ਉਠਾਏ ਗਏ ਹਨ। ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਅੱਜ ਸਭ ਤੋਂ ਵੱਡੀ ਸਮੱਸਿਆ ਆਵਾਰਾ ਪਸ਼ੂਆਂ ਦੀ ਹੈ ਜਿਸ ਦਾ ਸਰਕਾਰਾਂ ਨੂੰ ਤੁਰੰਤ ਹੱਲ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਅੱਜ ਮਾਨਸਾ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖ ਰਾਜਨੀਤਕ ਪਾਰਟੀਆਂ ਨੂੰ ਇੱਕ ਮੰਚ 'ਤੇ ਇਕੱਠੇ ਹੋ ਕੇ ਇਸ ਕੈਂਡਲ ਮਾਰਚ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਅੱਜ ਜਿਸ ਤਰ੍ਹਾਂ ਇਸ ਕੈਂਡਲ ਮਾਰਚ ਵਿੱਚ ਸ਼ਾਮਲ ਹੋਏ ਹੋ ਇਸੇ ਤਰ੍ਹਾਂ ਇਸ ਸਰਕਾਰਾਂ 'ਤੇ ਦਬਾਅ ਬਣਾ ਕੇ ਆਵਾਰਾ ਪਸ਼ੂਆਂ ਦਾ ਹੱਲ ਕਰਵਾਇਆ ਜਾਵੇ।