ਮਾਨਸਾ: ਹਲਕਾ ਬੁਢਲਾਡਾ ਵਿਖੇ ਵੀਰਵਾਰ ਨੂੰ ਯੂਥ ਅਕਾਲੀ ਦਲ ਦੀ ਰੈਲੀ ਕੀਤੀ ਗਈ ਜਿਸ ਨੂੰ ਸੰਬੋਧਨ ਕਰਨ ਲਈ ਸਾਬਕਾ ਕੈਬਿਨੇਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਪੁੱਜੇ। ਮਜੀਠੀਆ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ 'ਤੇ ਨਿਸ਼ਾਨੇ ਸਾਧੇ।
ਬੁਢਲਾਡਾ 'ਚ ਯੂਥ ਅਕਾਲੀ ਦਲ ਦੀ ਰੈਲੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੀ ਜਨਤਾ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਦੁਖੀ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਲੋਕਾਂ ਦੀ ਸਾਰ ਤੱਕ ਨਹੀਂ ਲਈ ਤੇ ਖੁਦ ਪਹਾੜੀਆਂ ਦੀ ਸੈਰ ਕਰ ਰਿਹਾ ਹੈ।
ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਹੁਣ ਇੱਕ ਪੋਸਟਰ ਮੁਹਿੰਮ ਚਲਾਈ ਹੈ ਜਿਸ ਵਿੱਚ ਪ੍ਰਿਯੰਕਾ ਗਾਂਧੀ ਦੀਆਂ ਤਸਵੀਰਾਂ ਛਾਪਕੇ ਲਿਖਿਆ ਹੈ 'ਇੰਦਰਾ ਇਜ਼ ਬੈਕ'। ਅਜਿਹਾ ਨਾਅਰਾ ਦੇਣ ਵਾਲੇ ਕੈਪਟਨ ਤੇ ਸਮੁੱਚੀ ਕਾਂਗਰਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਇੰਦਰਾ ਗਾਂਧੀ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਵਾ ਕੇ ਸਿੱਖ ਸੰਗਤ ਤੇ ਪੰਜਾਬ ਦੇ ਲੋਕਾਂ ਦੇ ਹਿਰਦੇ ਵਲੂੰਧਰੇ ਸਨ।
ਮਜੀਠੀਆ ਨੇ ਆਮ ਆਦਮੀ ਪਾਰਟੀ 'ਤੇ ਵਰਦਿਆਂ ਕਿਹਾ ਕਿ ਅੱਜ ਝਾੜੂ ਤੀਲਾ-ਤੀਲਾ ਹੋ ਚੁੱਕਿਆ ਤੇ ਉਨ੍ਹਾਂ ਦਾ ਅਸਲੀ ਚਿਹਰਾ ਜਨਤਾ ਦੇ ਸਾਹਮਣੇ ਆ ਗਿਆ ਹੈ।