ਮਾਨਸਾ: ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅੱਜ ਮਾਨਸਾ ਜ਼ਿਲ੍ਹੇ 'ਚੋਂ ਵੱਡਾ ਝਟਕਾ ਲੱਗਿਆ ਹੈ। ਬੁਢਲਾਡਾ ਅਤੇ ਮਾਨਸਾ ਵਿੱਚੋਂ ਦਰਜਨਾਂ ਭਰ ਵਰਕਰਾਂ ਸਮੇਤ ਦੋ ਸਾਬਕਾ ਵਿਧਾਇਕ, ਦੋ ਸਾਬਕਾ ਐਸਜੀਪੀਸੀ ਮੈਂਬਰ ਤੇ ਇੱਕ ਮੌਜੂਦਾ ਐਸਜੀਪੀਸੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਪਾਰਟੀ ਵਿੱਚ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਦੀ ਅਗਵਾਈ 'ਚ ਸ਼ਾਮਲ ਹੋਏ ਹਨ।
ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਕਿਸਾਨ ਅਤੇ ਆਮ ਲੋਕਾਂ ਦੀ ਪਾਰਟੀ ਨਹੀਂ ਰਹੀ, ਇਹ ਹੁਣ ਬਾਦਲ ਪਰਿਵਾਰ ਦੀ ਪਾਰਟੀ ਬਣ ਗਈ ਹੈ। ਇਸ ਦੇ ਚੱਲਦਿਆਂ ਵਰਕਰਾਂ ਅਤੇ ਮਿਹਨਤੀ ਆਗੂਆਂ ਦੀ ਇਸ ਪਾਰਟੀ ਵਿੱਚ ਕੋਈ ਪੁੱਛ-ਗਿੱਛ ਨਹੀਂ ਹੈ ਜਿਸ ਕਰਕੇ ਅੱਜ ਮਾਨਸਾ ਦੇ ਸੂਝਵਾਨ ਲੀਡਰ ਉਨ੍ਹਾਂ ਦੇ ਨਾਲ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਲੀਡਰ ਉਨ੍ਹਾਂ ਦੇ ਸੰਪਰਕ ਵਿੱਚ ਹਨ ਪਰ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਉਹ ਕੀਤੇ ਵੀ ਕੋਈ ਵੱਡਾ ਇਕੱਠ ਨਹੀਂ ਕਰ ਪਾ ਰਹੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਲਦ ਹੀ ਬਹੁਤ ਸਾਰੇ ਲੀਡਰ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣਗੇ।