ਮਾਨਸਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਲੱਲੂ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ 1 ਅਕਤੂਬਰ ਨੂੰ ਰੇਲ ਰੋਕੋ ਅੰਦੋਲਨ ਨੂੰ ਸਫਲ ਬਣਾਉਣ ਦੇ ਲਈ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹੇ ਭਰ ਦੇ ਕਿਸਾਨਾਂ ਨੇ ਹਿੱਸਾ ਲਿਆ ਤੇ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬੁਢਲਾਡਾ ਵਿੱਚ ਰੇਲ ਰੋਕੀ ਜਾਵੇਗੀ ਤੇ ਬਣਾਂਵਾਲੀ ਵਿਖੇ ਲੱਗੇ ਥਰਮਲ ਪਲਾਂਟ ਦੇ ਬਾਹਰ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜ਼ਿਲ੍ਹੇ ਭਰ ਦੇ ਵਿੱਚ ਰਿਲਾਇੰਸ ਦੇ ਪੰਪਾਂ ਦਾ ਘਿਰਾਓ ਕਰਕੇ ਕਾਰੋਬਾਰ ਠੱਪ ਕੀਤਾ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਉਗਰਾਹਾਂ ਯੂਨੀਅਨ ਵੱਲੋਂ 1 ਅਕਤੂਬਰ ਦੇ ਰੇਲ ਰੋਕੋ ਸਬੰਧੀ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਜੋ ਕੇਂਦਰ ਸਰਕਾਰ ਨੇ ਖੇਤੀ ਵਿਰੋਧੀ ਕਾਨੂੰਨ ਪਾਸ ਕੀਤੇ ਹਨ ਅਤੇ ਇਨ੍ਹਾਂ ਕਾਨੂੰਨਾਂ ਦਾ ਕਿਸਾਨ ਵਿਰੋਧ ਕਰ ਰਹੇ ਹਨ ਤੇ ਪੰਜਾਬ ਵਿੱਚ 31 ਜਥੇਬੰਦੀਆਂ ਵੱਲੋਂ ਰੇਲ ਰੋਕੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵੱਖਰੇ ਰੂਪ ਵਿੱਚ ਬੁਢਲਾਡਾ 'ਚ ਰੇਲ ਰੋਕੀ ਜਾਵੇਗੀ ਤੇ ਸਰਦੂਲਗੜ੍ਹ ਬਲਾਕ ਵੱਲੋਂ ਬਣਾਂਵਾਲੀ ਵਿਖੇ ਲੱਗੇ ਥਰਮਲ ਪਲਾਂਟ ਦੇ ਬਾਹਰ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਲੱਗੇ ਰਿਲਾਇੰਸ ਦੇ ਪੰਪਾਂ ਦਾ ਵੀ ਘਿਰਾਓ ਕੀਤਾ ਜਾਵੇਗਾ।